ਪਟੇਲ ਦੀ 150ਵੀਂ ਜੈਅੰਤੀ ਮੌਕੇ ਏਕਤਾ ਯਾਤਰਾ ਕੱਢੀ
ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਯੰਤੀ ਮੌਕੇ ਏਕਤਾ ਯਾਤਰਾ ਕੱਢੀ
Publish Date: Sun, 16 Nov 2025 06:20 PM (IST)
Updated Date: Sun, 16 Nov 2025 06:23 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਮਾਈ ਭਾਰਤ ਕੇਂਦਰ ਬਰਨਾਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ, ਮਾਈ ਭਾਰਤ ਬਰਨਾਲਾ ਆਭਾ ਸੋਨੀ ਦੀ ਪ੍ਰਧਾਨਗੀ ਹੇਠ ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਜੈਅੰਤੀ ਮੌਕੇ ਏਕਤਾ ਯਾਤਰਾ ਬਰਨਾਲਾ ਵਿਖੇ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਰਾਜ ਸਭਾ ਡਾ. ਸਿਕੰਦਰ ਕੁਮਾਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਾਈਐੱਸ ਕਾਲਜ ਵਿਖੇ ਹੋਈ ਜਿੱਥੇ ਮਾਈ ਭਾਰਤ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੌਕੇ ਹੋਰ ਵਿਸ਼ੇਸ਼ ਮਹਿਮਾਨਾਂ ਯਾਦਵਿੰਦਰ ਸ਼ੰਟੀ, ਜ਼ਿਲ੍ਹਾ ਪ੍ਰਧਾਨ ਭਾਜਪਾ ਬਰਨਾਲਾ, ਵਾਈਐੱਸ ਕਾਲਜ ਬਰਨਾਲਾ ਦੇ ਡਾਇਰੈਕਟਰ ਵਰੁਣ ਭਾਰਤੀ, ਪ੍ਰਿੰਸੀਪਲ ਡਾ. ਗੁਰਪਾਲ ਸਿੰਘ ਰਾਣਾ ਆਦਿ ਸ਼ਾਮਲ ਹੋਏ। ਮੁੱਖ ਮਹਿਮਾਨ ਡਾ. ਸਿਕੰਦਰ ਕੁਮਾਰ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਚਿੱਤਰ ’ਤੇ ਫੁੱਲ ਅਰਪਿਤ ਕੀਤੇ ਤੇ ਕਿਹਾ ਕਿ ਸਰਦਾਰ ਪਟੇਲ ਨੇ ਭਾਰਤ ਦੀ ਸੁਤੰਤਰਤਾ ’ਚ ਮਹੱਤਵਪੂਰਨ ਯੋਗਦਾਨ ਪਾਇਆ ਤੇ ਉਨ੍ਹਾਂ ਨੇ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ। ਆਜ਼ਾਦ ਦੇਸ਼ ’ਚ ਰਾਸ਼ਟਰੀ ਏਕਤਾ ਪ੍ਰਤੀ ਪਟੇਲ ਦੀ ਵਚਨਬੱਧਤਾ ਨੇ ਉਨ੍ਹਾਂ ਨੂੰ ਭਾਰਤ ਦਾ ਲੋਹ ਪੁਰਸ਼ ਦਾ ਉਪਨਾਮ ਦਿੱਤਾ। ਉਨ੍ਹਾਂ ਵੱਲੋਂ 500 ਤੋਂ ਵੱਧ ਵੱਖ-ਵੱਖ ਰਿਆਸਤਾਂ ਦਾ ਏਕੀਕਰਨ ਕਰ ਕੇ ਭਾਰਤ ਦੇਸ਼ ’ਚ ਜੋੜਨ ’ਚ ਪ੍ਰਮੁੱਖ ਭੂਮਿਕਾ ਨਿਭਾਈ। ਇਸ ਉਪਰੰਤ ਮਾਈ ਭਾਰਤ ਵਲੰਟੀਅਰਾਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਸਰਦਾਰ150 - ਏਕਤਾ ਯਾਤਰਾ ਦੇ ਬੈਨਰ ਹੇਠ ਬੱਸ ਸਟੈਂਡ ਤਕ ਇੱਕ ਪੈਦਲ ਯਾਤਰਾ ਕੱਢੀ ਗਈ ਅਤੇ ਸਾਰਿਆਂ ਨੂੰ ਏਕਤਾ ਦਾ ਸੰਦੇਸ਼ ਦਿੱਤਾ। ਡਾ. ਸਿਕੰਦਰ ਕੁਮਾਰ ਨੇ ਮਾਈ ਭਾਰਤ ਬਰਨਾਲਾ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਸਰਦਾਰ ਪਟੇਲ ਦੇ ਆਦਰਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ।