ਆਰਿਆਭੱਟ ਸਕੂਲ ਬਰਨਾਲਾ ’ਚ “ਕਲਰ ਰਿਕੋਗਨੀਸ਼ਨ ਐਕਟੀਵਿਟੀ” ਕਰਵਾਈ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰਿਆਭੱਟ ਇੰਟਰਨੈਸ਼ਨਲ ਸਕੂਲ ਬਰਨਾਲਾ ’ਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਰਚਨਾਤਮਕ ਅਤੇ ਸਿੱਖਣਯੋਗ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਨਰਸਰੀ ਕਲਾਸ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ‘ਕਲਰ ਰਿਕੋਗਨੀਸ਼ਨ ਐਕਟੀਵਿਟੀ’ ਕਰਵਾਈ। ਇਸ ਸਰਗਰਮੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਰੰਗਾਂ ਦੀ ਪਛਾਣ ਕਰਵਾਉਣਾ ਅਤੇ ਖੇਡ-ਖੇਡ ’ਚ ਸਿੱਖਣ ਲਈ ਪ੍ਰੇਰਿਤ ਕਰਨਾ ਸੀ। ਸਕੂਲ ਦੀ ਪ੍ਰਿੰਸੀਪਲ ਮਾਂਸੀ ਸਿੰਘਲ ਦੀ ਅਗਵਾਈ, ਮੈਨੇਜਮੇਂਟ ਅਤੇ ਕੋਆਰਡੀਨੇਟਰ ਮਿਸਿਜ਼ ਮਨਪ੍ਰੀਤ ਚਾਵਲਾ ਦੇ ਸਹਿਯੋਗ ਨਾਲ ਇਹ ਸਰਗਰਮੀ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਈ ਗਈ। ਨਰਸਰੀ ਕਲਾਸ ਦੀਆਂ ਅਧਿਆਪਕਾਵਾਂ ਅਮਨਦੀਪ ਕੌਰ, ਸੁਨੀਤਾ ਕੌਸ਼ਿਕ ਅਤੇ ਵੰਧਨਾ ਮੈਡਮ ਨੇ ਬੱਚਿਆਂ ਨੂੰ ਬੜੇ ਹੀ ਪਿਆਰ ਨਾਲ ਇਸ ਸਰਗਰਮੀ ’ਚ ਸ਼ਾਮਲ ਕੀਤਾ। ਸਰਗਰਮੀ ਦੌਰਾਨ ਬੱਚਿਆਂ ਨੂੰ ਵੱਖ-ਵੱਖ ਰੰਗਾਂ ਦੇ ਗੋਲ ਚਿੱਤਰ ਦਿੱਤੇ ਗਏ ਅਤੇ ਉਨ੍ਹਾਂ ਨੂੰ ਉਨ੍ਹਾਂ ਨਾਲ ਮਿਲਦੇ ਰੰਗਾਂ ਵਾਲੀਆਂ ਸਟਿਕਾਂ ਜਾਂ ਪੈਂਸਲਾਂ ਨੂੰ ਸਹੀ ਰੰਗ ਵਾਲੇ ਗੋਲ ’ਚ ਰੱਖਣ ਲਈ ਕਿਹਾ ਗਿਆ। ਬੱਚਿਆਂ ਨੇ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਇਸ ਐਕਟੀਵਿਟੀ ’ਚ ਹਿੱਸਾ ਲਿਆ। ਉਹ ਰੰਗਾਂ ਨੂੰ ਪਛਾਣਦੇ ਹੋਏ ਬਹੁਤ ਹੀ ਧਿਆਨ ਨਾਲ ਸਹੀ ਥਾਂ ’ਤੇ ਰੱਖ ਰਹੇ ਸਨ। ਇਸ ਸਰਗਰਮੀ ਰਾਹੀਂ ਬੱਚਿਆਂ ਦੀ ਰੰਗਾਂ ਬਾਰੇ ਜਾਣਕਾਰੀ ਵਧੀ ਅਤੇ ਉਨ੍ਹਾਂ ਦੀ ਸੋਚਣ ਸਮਝਣ ਦੀ ਯੋਗਤਾ ’ਚ ਵੀ ਨਿਖਾਰ ਆਇਆ।
ਇਸ ਮੌਕੇ ਬੱਚਿਆਂ ਦੀ ਹੱਥਾਂ ਅਤੇ ਅੱਖਾਂ ਦੇ ਤਾਲਮੇਲ ਦੀ ਸਮਰੱਥਾ ਵੀ ਮਜ਼ਬੂਤ ਹੋਈ। ਬੱਚਿਆਂ ਨੇ ਲਾਲ, ਹਰਾ, ਨੀਲਾ, ਗੁਲਾਬੀ ਅਤੇ ਸੰਤਰੀ ਵਰਗੇ ਰੰਗਾਂ ਨੂੰ ਆਸਾਨੀ ਨਾਲ ਪਛਾਣਿਆ ਅਤੇ ਬੜੀ ਰੁਚੀ ਨਾਲ ਐਕਟੀਵਿਟੀ ਨੂੰ ਪੂਰਾ ਕੀਤਾ। ਅਧਿਆਪਕਾਵਾਂ ਨੇ ਬੱਚਿਆਂ ਨੂੰ ਹਰ ਰੰਗ ਬਾਰੇ ਦਿਲਚਸਪ ਢੰਗ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਰੰਗਾਂ ਦੇ ਨਾਮ ਬੋਲਣ ਲਈ ਵੀ ਪ੍ਰੇਰਿਤ ਕੀਤਾ। ਬੱਚਿਆਂ ਦੇ ਚਿਹਰਿਆਂ ਉੱਤੇ ਖੁਸ਼ੀ ਅਤੇ ਉਤਸਾਹ ਸਾਫ਼ ਦਿਖਾਈ ਦੇ ਰਿਹਾ ਸੀ। ਸਰਗਰਮੀ ਦੌਰਾਨ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ, ਜਿਸ ਨਾਲ ਉਹ ਹੋਰ ਵੀ ਉਤਸ਼ਾਹਿਤ ਹੋਏ। ਪ੍ਰਿੰਸੀਪਲ ਮਾਂਸੀ ਸਿੰਘਲ ਅਤੇ ਮੈਨੇਜਮੈਂਟ ਨੇ ਕਿਹਾ ਕਿ ਛੋਟੀ ਉਮਰ ’ਚ ਬੱਚਿਆਂ ਨੂੰ ਖੇਡਾਂ ਅਤੇ ਸਰਗਰਮੀਆਂ ਰਾਹੀਂ ਸਿੱਖਾਉਣਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੁੰਦਾ ਹੈ। ਇਸ ਨਾਲ ਬੱਚਿਆਂ ’ਚ ਸਿੱਖਣ ਦੀ ਰੁਚੀ ਵਧਦੀ ਹੈ ਅਤੇ ਉਹ ਹਰ ਚੀਜ਼ ਨੂੰ ਆਸਾਨੀ ਨਾਲ ਸਮਝ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੇ ਬੌਧਿਕ ਅਤੇ ਰਚਨਾਤਮਕ ਵਿਕਾਸ ਲਈ ਨਵੀਆਂ ਸਰਗਰਮੀਆਂ ਕਰਵਾਉਂਦਾ ਰਹੇਗਾ। ਇਸ ਮੌਕੇ ਕੋਆਰਡੀਨੇਟਰ ਮਨਪ੍ਰੀਤ ਚਾਵਲਾ ਨੇ ਵੀ ਬੱਚਿਆਂ ਦੀ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਾਲ ਬੱਚਿਆਂ ਦਾ ਆਤਮਵਿਸ਼ਵਾਸ ਵੱਧਦਾ ਹੈ ਅਤੇ ਉਹ ਨਵੀਆਂ ਚੀਜ਼ਾਂ ਸਿੱਖਣ ਲਈ ਪ੍ਰੇਰਿਤ ਹੁੰਦੇ ਹਨ। ਅੰਤ ’ਚ ਬੱਚਿਆਂ ਨੂੰ ਉਨ੍ਹਾਂ ਦੀ ਭਾਗੀਦਾਰੀ ਲਈ ਸ਼ਾਬਾਸ਼ੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਹੋਰ ਵੀ ਅਜਿਹੀਆਂ ਸਰਗਰਮੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਹ ‘ਕਲਰ ਰਿਕੋਗਨੀਸ਼ਨ ਐਕਟੀਵਿਟੀ’ ਬੱਚਿਆਂ ਲਈ ਇੱਕ ਮਨੋਰੰਜਕ ਅਤੇ ਸਿੱਖਣਯੋਗ ਅਨੁਭਵ ਸਾਬਤ ਹੋਈ।