ਚਟਕਾਰੇ : ਕੰਨੀ ਦੇਖਿਆ, ਅੱਖੀ ਸੁਣਿਆ

ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ
ਲੋਕਤੰਤਰ... ਪਾਧਾ ਜੀ ! ਥਾਣੇਦਾਰ ਦੀ ਕੁਰਸੀ ਮੂਹਰੇ!
ਥਾਣੇਦਾਰ ਨੇ ਚਾਹ ਦਾ ਸਿੱਪ ਲੈਂਦਿਆਂ ਆਜ਼ਾਦ ਉਮੀਦਵਾਰ ਵੱਲ ਦੇਖ ਕੇ ਮੁੱਛ ਨੂੰ ਵੱਟ ਦਿੱਤਾ, ਹਾਂ ਬਈ ਪਾਧਾ ਜੀ... ਐਤਕੀਂ ਐਨੀ ਗਰਮੀ ’ਚ ਵਾਰਡ ਦੀ ਸੇਵਾ ਕਰਨ ਦਾ ਬੜਾ ਚਾਅ ਚੜ੍ਹਿਆ ਤੈਨੂੰ? ਆਹ ਦੇਖ ਲੈ, ਸੱਤਾ ਧਿਰ ਵਾਲੇ ਆਗੂ ਜੀ ਤੇਰੀ ਸਿਹਤ ਦਾ ਕਿੰਨਾ ਫ਼ਿਕਰ ਕਰਦੇ ਨੇ, ਤਾਂਹੀਂ ਤਾਂ ਸਪੈਸ਼ਲ ਮੀਟਿੰਗ ਥਾਣੇ ਰੱਖਵਾਈ ਐ।
ਆਜ਼ਾਦ ਉਮੀਦਵਾਰ ਨੇ ਨਿਮਰਤਾ ਨਾਲ ਕਿਹਾ, ਜਨਾਬ, ਲੋਕਤੰਤਰ ਐ, ਵਾਰਡ ਦੇ ਲੋਕ ਕਹਿੰਦੇ ਸੀ ਖੜ੍ਹੋ, ਤਾਂ ਫਾਰਮ ਭਰਤਾ।
ਮੂਹਰੇ ਬੈਠਾ ਸੱਤਾ ਧਿਰ ਦਾ ਲੀਡਰ ਹੱਸ ਕੇ ਬੋਲਿਆ, ਓਏ ਭੋਲਿਆ, 'ਲੋਕਤੰਤਰ' ਤਾਂ ਅਸੀਂ ਲੋਕਾਂ ਤੋਂ 'ਤੰਗ' ਹੋ ਕੇ ਬਣਾਇਆ ਰੂਲ ਐ! ਜੇ ਚੋਣ ਲੜੇਗਾ ਤਾਂ ਵਾਰਡ ਦੀਆਂ ਗਲੀਆਂ ’ਚ ਘੱਟਾ-ਮਿੱਟੀ ਹੋਵੇਗਾ, ਫਿਰ ਵੋਟਾਂ ਦੀ ਗਿਣਤੀ ਵੇਲੇ ਸਾਡੇ ਵਾਲੇ ਬੈਲਟ ਬਾਕਸ ’ਚੋਂ ਤੇਰੀ ਕਿਸਮਤ 'ਆਜ਼ਾਦ' ਹੋ ਕੇ ਸਾਡੇ ਖਾਤੇ ਪੈ ਜਾਣੀ ਐ। ਐਨਾ ਕਸ਼ਟ ਕਿਉਂ ਕੱਟਦੈਂ?
ਥਾਣੇਦਾਰ ਨੇ ਮੇਜ਼ ’ਤੇ ਕਾਗਜ਼ ਵਾਪਸੀ ਵਾਲਾ ਫਾਰਮ ਸਰਕਾਉਂਦਿਆਂ ਆਖਿਆ: ਲੈ ਬਈ ਸਿਆਂ, ਆਹ ਪੈੱਨ ਫੜ ਤੇ ਸਾਈਨ ਕਰ। ਤੇਰੀ 'ਆਜ਼ਾਦੀ' ਅਸੀਂ ਹਵਾਲਾਤ ਰੱਖਕੇ ਕੀ ਕਰਨੀ ਐ, ਇਹਨੂੰ ਬਾਹਰ ਹੀ ਆਜ਼ਾਦ ਰਹਿਣ ਦੇ। ਰਾਜ਼ੀਨਾਮੇ ਨਾਲ ਕਾਗਜ਼ ਵਾਪਸ ਲੈ ਲਾ, ਨਹੀਂ ਤਾਂ ਚੋਣਾਂ ਦਾ ਨਤੀਜਾ ਤਾਂ ਪਤਾ ਨੀ ਕੀ ਆਊ, ਪਰ ਤੇਰੇ ’ਤੇ ਕੋਈ ਪੁਰਾਣਾ ਪਰਚਾ ਜ਼ਰੂਰ 'ਲਾਈਵ' ਹੋ ਜਾਊ!
ਉਮੀਦਵਾਰ ਨੇ ਹਉਕਾ ਭਰਿਆ, ਪੈੱਨ ਚੁੱਕਿਆ ਤੇ ਬੋਲਿਆ:
ਲੀਡਰ ਸਾਹਿਬ, ਹੁਣ ਸਮਝ ਆਇਆ ਕਿ ਸਾਡੇ ਦੇਸ਼ ’ਚ ਚੋਣਾਂ 'ਲੜੀਆਂ' ਕਿਉਂ ਜਾਂਦੀਆਂ ਨੇ... ਕਿਉਂਕਿ ਜਿਹੜਾ ਸਿੱਧੇ ਮੱਥੇ ਨਾ ਲੜੇ, ਉਹਨੂੰ ਥਾਣੇ ਲਿਆ ਕੇ 'ਘੜਿਆ' ਜਾਂਦਾ!
ਬੋਤਲ ਵਾਪਸੀ!
ਲਓ ਜੀ, ਚੋਣਾਂ ਦਾ ਮਾਹੌਲ ਪੂਰੀ ਗਰਮੀ ’ਤੇ ਸੀ। ਨੇਤਾ ਜੀ ਰਾਤ ਦੇ ਹਨੇਰੇ ’ਚ ਵੋਟਰ ਦੇ ਘਰ 'ਵੋਟ ਦੀ ਫ਼ਸਲ' ਪੱਕੀ ਕਰਨ ਲਈ ਪੂਰੇ ਲਿਹਾਜ਼ ਨਾਲ ਪਹੁੰਚੇ। ਕੰਧ ਓਹਲੇ ਹੋ ਕੇ ਨੇਤਾ ਜੀ ਨੇ ਕੁੜਤੇ ਦੀ ਜੇਬ ’ਚੋਂ ਦੇਸੀ ਦਾ 'ਅੱਧੀਆ' ਕੱਢਿਆ ਤੇ ਵੋਟਰ ਦੇ ਹੱਥ ’ਤੇ ਧਰਦਿਆਂ ਬੋਲੇ, ਭਾਈ, ਖਿਆਲ ਰੱਖਿਓ ਆਪਣਾ... ਨਿਸ਼ਾਨ ਯਾਦ ਹੈ ਨਾ?
ਵੋਟਰ ਨੇ ਬੋਤਲ ਨੂੰ ਉੱਪਰ-ਥੱਲ੍ਹੇ ਦੇਖਿਆ, ਫਿਰ ਮੁਸਕਰਾ ਕੇ ਨੇਤਾ ਜੀ ਨੂੰ ਵਾਪਸ ਫੜਾਉਂਦਿਆਂ ਬੋਲਿਆ:
"ਨੇਤਾ ਜੀ, ਗੁੱਸਾ ਨਾ ਕਰਿਓ, ਆਹ ਆਪਣੀ ਅਮਾਨਤ ਵਾਪਸ ਲਵੋ! ਪਿਛਲੀ ਵਾਰ ਤੁਹਾਡੀ ਦਿੱਤੀ ਪੀ ਕੇ ਮੈਂ ਪੰਜ ਸਾਲ 'ਟੱਲੀ' ਰਿਹਾ, ਮੈਨੂੰ ਗਲੀ ਦੀ ਨਾਲੀ ਤੇ ਪਿੰਡ ਦਾ ਵਿਕਾਸ ਲੱਭੇ ਹੀ ਨਹੀਂ। ਇਸ ਵਾਰ ਮੈਂ ਹੋਸ਼ ’ਚ ਰਹਿ ਕੇ ਵੋਟ ਪਾਉਣੀ ਐ, ਤਾਂ ਜੋ ਅਗਲੇ 5 ਸਾਲ ਤੁਹਾਡੇ ਵਰਗੇ ਲੀਡਰਾਂ ਨੂੰ 'ਚੱਕਰ' ਆਉਣ, ਸਾਨੂੰ ਨਹੀਂ!
ਨੇਤਾ ਜੀ ਬੋਤਲ ਸਾਂਭਦੇ ਹੋਏ ਇੰਝ ਪਿੱਛੇ ਮੁੜੇ, ਜਿਵੇਂ 'ਕਰੰਟ' ਲੱਗ ਗਿਆ ਹੋਵੇ!
ਪ੍ਰਧਾਨ ਤਾਂ ਮੈਂ ਹੀ ਬਣਨਾ!
ਇੱਕ ਮਹਿਲਾ ਉਮੀਦਵਾਰ ਨੇ ਸਟੇਜ ’ਤੇ ਖੰਘੂਰਾ ਮਾਰਿਆ, ਗਲੇ ਦਾ ਹਾਰ ਸਿੱਧਾ ਕੀਤਾ ਤੇ ਵੋਟਰਾਂ ਵੱਲ ਉਂਗਲ ਕਰਕੇ ਬੋਲੇ:
ਦੇਖੋ ਬਈ ਭਾਈਓ ਤੇ ਭੈਣੋ! ਵੋਟ ਪਾਉਣੀ ਤੁਹਾਡਾ ਹੱਕ ਐ, ਪਰ ਜੇ ਨਹੀਂ ਵੀ ਪਾਉਣੀ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਣਾ... ਕਿਉਂਕਿ ਪ੍ਰਧਾਨ ਤਾਂ ਮੈਂ ਹੀ ਬਣਨਾ! ਮੇਰੇ ਸਾਹਮਣੇ ਖੜ੍ਹਨ ਦੀ ਕਿਸੇ ਦੀ ਕੀ ਹਿੰਮਤ ਐ! ਐੱਮਐੱਲਏ ਦਾ ਸਿਰ ’ਤੇ ਹੱਥ ਹੈ।
ਪਿੰਡ ਵਾਲੇ ਇੱਕ-ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਕਿ ਜਦੋਂ ਬਣਨਾ ਹੀ ਇਨ੍ਹਾਂ ਨੇ ਹੈ, ਤਾਂ ਸਾਨੂੰ ਧੁੱਪੇ ਕਿਉਂ ਇਕੱਠੇ ਕੀਤਾ ਹੈ? ਪਰ ਅਸਲੀ ਨਜ਼ਾਰਾ ਤਾਂ ਉਦੋਂ ਸ਼ੁਰੂ ਹੋਇਆ ਜਦੋਂ ਮਹਿਲਾ ਉਮੀਦਵਾਰ ਦੇ ਪਤੀ ਨੇ ਲਾਲਚਾਂ ਦੀ ਪੰਡ ਖੋਲ੍ਹੀ,
ਪਿੰਡ ਦਾ ਇਕ ਬਜ਼ੁਰਗ ਹੌਲੀ ਜੀ ਬੋਲਿਆ, ਬੀਬਾ ਜਦੋਂ ਤੂੰ ਬਿਨਾਂ ਮੁਕਾਬਲੇ ਦੇ ਹੀ ਜਿੱਤ ਜਾਣਾ। ਫਿਰ ਇਹ ਲਾਲਚ ਕਿਉਂ ਦੇ ਰਹੀ ਐਂ?
ਤਾਂ ਮਹਿਲਾ ਉਮੀਦਵਾਰ ਨੇ ਬੜੀ ਮਾਸੂਮੀਅਤ ਨਾਲ ਮਾਈਕ ’ਚ ਕਿਹਾ,
ਤਾਇਆ! ਜਿੱਤਣ ਦਾ ਪਤਾ ਤਾਂ ਮੈਨੂੰ ਹੈਗਾ ਈ ਐ, ਪਰ ਜੇ ਮੈਂ ਵੋਟਰਾਂ ਨੂੰ ਲਾਲਚ ਨਾ ਦਿੱਤਾ, ਤਾਂ ਮੈਨੂੰ 'ਲੀਡਰ' ਵਾਲੀ ਫੀਲਿੰਗ ਕਿਵੇਂ ਆਊਗੀ? ਲਾਲਚ ਦੇਣਾ ਤੇ ਲਾਰੇ ਲਾਉਣਾ ਤਾਂ ਸਾਡਾ ਜਮਾਂਦਰੂ ਹੱਕ ਐ! ਵੋਟ ਪਾਓ ਚਾਹੇ ਨਾ ਪਾਓ, ਪਰ ਸੂਟ ਤੇ ਕਾਜੂ ਕਤਲੀ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿਓ, ਕਿਉਂਕਿ... ਪ੍ਰਧਾਨ ਤਾਂ ਮੈਂ ਹੀ ਬਣਨਾ!