ਬੂਟਾ ਸਿੰਘ ਚੌਹਾਨ, ਸੰਗਰੂਰ : ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਅਤੇ ਪਰਮਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਜ਼ਮੀਨ ਦੀ ਕਾਣੀ ਵੰਡ ਦੇ ਖ਼ਿਲਾਫ਼ ਸ਼ੁਰੂ ਹੋਏ ਘੋਲ ਦੌਰਾਨ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ ਲੈਣ ਲਈ ਅਤੇ ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਸਾਹਮਣੇ ਮੌਜੂਦਾ ਸਮੇਂ ਵਿੱਚ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪਿਛਲੇ ਚਾਰ ਸਾਲਾਂ ਦੇ ਸੰਘਰਸ਼ ਦਾ ਰਿਵਿਊ ਕਰ ਕੇ ਸਬਕ ਸਿੱਟਿਆਂ ਦੀ ਨਿਸ਼ਾਨਦੇਹੀ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦਲਿਤਾਂ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਉੱਪਰ ਫਾਸ਼ੀਵਾਦੀ ਹੱਲੇ ਖ਼ਿਲਾਫ਼ ਲੋਕ ਲਹਿਰ ਦੀ ਉਸਾਰੀ ਲਈ ਮਜ਼ਬੂਤ ਜਥੇਬੰਦਕ ਤਾਣਾ ਬਾਣਾ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੌਮੀ ਨਾਗਰਿਕਤਾ ਰਜਿਸਟਰ, ਨਾਗਰਿਕਤਾ ਸੰਸ਼ੋਧਨ ਐਕਟ, ਕੌਮੀ ਨੈਸ਼ਨਲ ਪਾਪੁਲੇਸ਼ਨ ਵਰਗੇ ਕਾਨੂੰਨ ਲਿਆ ਕੇ ਦੇਸ਼ ਨੂੰ ਧਰਮ ਅਤੇ ਜਾਤਾਂ ਦੇ ਆਧਾਰ ਉੱਪਰ ਵੰਡਣ ਦੀ ਤਿਆਰੀ ਕਰ ਰਹੇ ਹਨ ਅਤੇ ਲੋਕਾਂ ਦੀ ਆਰਥਿਕਤਾ ਅਤੇ ਰੁਜ਼ਗਾਰ ਦੇ ਮੁੱਦਿਆਂ ਉੱਪਰ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਉੱਥੇ ਪੰਜਾਬ ਸਰਕਾਰ ਵੱਲੋਂ ਵੀ ਪੇਂਡੂ ਲੋਕਾਂ ਦੇ ਵਿਕਾਸ ਦੀ ਬਜਾਏ ਪੰਜਾਬ ਵਿਲੇਜ ਰੈਗੂਲੇਸ਼ਨ ਐਕਟ ਵਿੱਚ ਸੋਧ ਕਰਕੇ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਨੂੰ ਕੰਪਨੀਆਂ ਨੂੰ ਦੇਣ ਦੇ ਨਾਮ ਹੇਠ ਲੋਕਾਂ ਕੋਲੋਂ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾਜ਼ਿਲਿ੍ਹਆਂ ਦਾ ਸਾਂਝਾ ਇਜਲਾਸ ਮੂਨ ਲਾਈਟ ਪੈਲੇਸ ਸੰਗਰੂਰ ਵਿਖੇ ਕਰਕੇ ਨਵੀਂ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਜਾਵੇਗੀ। ਇਸ ਇਜਲਾਸ ਵਿੱਚ ਭਰਾਤਰੀ ਸੰਦੇਸ਼ ਦੇਣ ਲਈ ਜਾਗਿ੍ਤ ਆਦਿਵਾਸੀ ਦਲਿਤ ਸੰਗਠਨ ਮੱਧ ਪ੍ਰਦੇਸ਼ ਦੀ ਆਗੂ ਮਾਧੁਰੀ ਬੇਨ ਬਨਾਸਕਾਂਠਾ ਦਲਿਤ ਸੰਗਠਨ ਗੁਜਰਾਤ ਦੇ ਆਗੂ ਦਲਪਤ ਭਾਟੀਆ, ਭੀਮ ਆਰਮੀ ਉੱਤਰ ਪ੍ਰਦੇਸ਼ ਦੇ ਆਗੂ ਸਮੇਤ ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਣਗੇ। ਇਸ ਮੌਕੇ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ, ਗੁਰਦੀਪ ਸਿੰਘ ਧੰਦੀਵਾਲ, ਮਾੜੂ ਸਿੰਘ ਸਮੂਰਾਂ ਹਾਜ਼ਰ ਸਨ।