ਸੱਤਪਾਲ ਕਾਲਾਬੂਲਾ/ਬਲਜੀਤ ਸੰਧੂ, ਸ਼ੇਰਪੁਰ : ਸ਼ੇਰਪੁਰ ਦੇ ਪਿੰਡ ਮਾਹਮਦਪੁਰ ਵਿਖੇ ਪੰਚਾਇਤੀ ਕੰਮਾਂ ਨੂੰ ਲੈ ਕੇ ਹੋਈ ਧੜੇਬੰਦੀ ਕਾਰਨ ਪਿੰਡ ਦੇ ਇਕ ਨੌਜਵਾਨ ਵੱਲੋਂ ਟਾਵਰ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਰਨ ਵਾਲੇ ਦੀ ਪਛਾਣ ਬਲਬੀਰ ਸਿੰਘ (35) ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਦੋ ਸਾਬਕਾ ਸਰਪੰਚਾਂ ਸਮੇਤ ਕੁਝ ਹੋਰ ਵਿਅਕਤੀਆਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਿਆ ਹੈ।

ਜਾਣਕਾਰੀ ਅਨੁਸਾਰ ਬਲਵੀਰ ਸਿੰਘ ਬੀਤੀ ਦੇਰ ਰਾਤ ਪਿੰਡ ਦੇ ਮੋਬਾਈਲ ਟਾਵਰ 'ਤੇ ਜਾ ਚੜ੍ਹਿਆ ਸੀ। ਉਸ ਨੇ ਵਿਰੋਧੀ ਧਿਰ ਖ਼ਿਲਾਫ਼ ਪੁਲਿਸ ਕਾਰਵਾਈ ਨਾ ਹੋਣ ਤੇ ਪੁਲਿਸ ਵੱਲੋਂ ਉਸ ਦੇ ਪਰਿਵਾਰ ਖ਼ਿਲਾਫ਼ ਕਥਿਤ ਝੂਠੇ ਮਾਮਲਿਆਂ ਦੀ ਜਾਂਚ ਨਾ ਕੀਤੇ ਜਾਣ ਦੀ ਬੇਇਨਸਾਫ਼ੀ ਤੋਂ ਦੁਖੀ ਹੋ ਕੇ ਟਾਵਰ ਤੋਂ ਛਾਲ ਮਾਰ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ।

ਪਰਿਵਾਰਕ ਮੈਂਬਰਾਂ ਵੱਲੋਂ ਬਲਬੀਰ ਦੀ ਲਾਸ਼ ਸਥਾਨਕ ਕਾਤਰੋਂ ਚੌਕ ਵਿਖੇ ਰੱਖ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਬਲਵੀਰ ਸਿੰਘ ਦੇ ਪਿਤਾ ਦੇ ਬਿਆਨਾਂ ਮੁਤਾਬਕ ਗੁਰਮੀਤ ਸਿੰਘ ਫ਼ੌਜੀ, ਗੁਰਮੀਤ ਸਿੰਘ (ਦੋਵੇਂ ਸਾਬਕਾ ਸਰਪੰਚ), ਨਿਰਭੈ ਸਿੰਘ, ਬਲਵਿੰਦਰ ਸਿੰਘ, ਗੋਬਿੰਦ ਸਿੰਘ ਪੰਚ, ਭਰਪੂਰ ਸਿੰਘ ਉਰਫ ਤਿੱਖਾ, ਸੁੱਖਾ ਸਿੰਘ ਵਿਰੁੱਧ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।

Posted By: Jagjit Singh