ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪਿਛਲੇ ਲੰਮੇਂ ਸਮੇਂ ਤੋਂ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕੱਚੇ ਕਾਮਿਆਂ ਨੂੰ ਈਪੀਐੱਫ਼ ਤੇ ਈਐੱਸਆਈ ਦੀ ਸਹੂਲਤ ਨਾ ਮਿਲਣ ਨੂੰ ਲੈ ਕੇ ਸਥਾਨਕ ਡੀਸੀ ਦਫ਼ਤਰ ਪੁੱਜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਪਰੰਤ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੱਚੀ ਸਫ਼ਾਈ ਸੇਵਕ ਯੂਨੀਅਨ ਬਰਨਾਲਾ ਦੇ ਨਰੇਸ਼ ਕੁਮਾਰ, ਹੇਮਰਾਜ, ਰਾਜਿੰਦਰ, ਬਿੰਦੂ, ਰਾਣੀ ਕੌਰ ਆਦਿ ਨੇ ਕਿਹਾ ਕਿ ਸਮੂਹ ਕਰਮਚਾਰੀ ਨਗਰ ਕੌਂਸਲ ਬਰਨਾਲਾ 'ਚ ਠੇਕੇਦਾਰ ਅਧੀਨ ਬਤੌਰ ਸਫ਼ਾਈ ਸੇਵਕ ਕੰਮ ਕਰਦੇ ਆ ਰਹੇ ਹਨ। ਨਗਰ ਕੌਂਸਲ ਦੀਆਂ ਹਦਾਇਤਾਂ ਮੁਤਾਬਕ ਕਾਮਿਆਂ ਦਾ ਜੋ ਈਪੀਐੱਫ਼ ਕੱਟਿਆ ਜਾ ਰਿਹਾ ਹੈ ਉਨ੍ਹਾਂ ਨੂੰ ਪਿਛਲੇ 5 ਸਾਲਾਂ ਤੋਂ ਨਹੀਂ ਮਿਲਿਆ ਤੇ ਨਾ ਹੀ ਈਸੀਆਈ ਦੀ ਸਹੂਲਤ ਕਾਮਿਆਂ ਨੂੰ ਦਿੱਤੀ ਗਈ ਹੈ। ਇਸ ਕਾਰਨ ਕਾਮਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਠੇਕੇਦਾਰ ਵਲੋਂ ਹੀ ਕਥਿੱਤ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਕਾਮਿਆਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਕਾਮਿਆਂ ਨੂੰ ਈਪੀਐਫ ਤੇ ਈਐੱਸਆਈ ਦੀ ਸਹੂਲਤ ਦਿੱਤੀ ਜਾਵੇ। ਕਾਮਿਆਂ ਨੂੰ ਮੈਡੀਕਲ ਦੀ ਸਹੂਲਤ ਦਿੱਤੀ ਜਾਵੇ ਆਦਿ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਾਣੀ ਕੌਰ, ਸਨਾ ਦੇਵੀ, ਸਰੇਸ ਕੁਮਾਰ, ਰਾਧਾ ਆਦਿ ਵੀ ਹਾਜ਼ਰ ਸਨ।