ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰ ਕੇ ਨਗਰ ਪੰਚਾਇਤ ਹੰਡਿਆਇਆ ਦੇ ਸਮੂਹ ਸਫਾਈ ਸੇਵਕਾਂ ਤੇ ਸਮੂਹ ਸਟਾਫ਼ ਵੱਲੋਂ ਹੜਤਾਲ ਕਰ ਕੇ ਨਗਰ ਪੰਚਾਇਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ, ਮੀਤ ਪ੍ਰਧਾਨ ਰਾਣੀ, ਸਕੱਤਰ ਮਦਨ ਲਾਲ ਤੇ ਕਲੈਰੀਕਲ ਸਟਾਫ਼ ਨਰਿੰਦਰ ਕੁਮਾਰ, ਕਮਲਜੀਤ ਸਿੰਘ, ਨਾਇਬ ਸਿੰਘ, ਅਵਤਾਰ ਸਿੰਘ ਆਦਿ ਨੇ ਕਿਹਾ ਕਿ ਨਗਰ ਪੰਚਾਇਤ ਕੋਲ ਕਰੀਬ ਦੋ ਹਜ਼ਾਰ ਏਕੜ ਜ਼ਮੀਨ ਹੈ, ਜਿਸ ਤੋਂ ਆਮਦਨੀ ਦੇ ਸਾਧਨ ਪੈਦਾ ਕਰ ਸਾਰੇ ਖਰਚੇ ਪੂਰੇ ਕੀਤੇ ਜਾ ਸਕਦੇ ਹਨ ਪਰ ਪੰਚਾਇਤ ਦੀ ਨਲਾਇਕੀ ਕਾਰਨ ਉਕਤ ਜ਼ਮੀਨ ਨੂੰ ਸਹੀ ਤਰੀਕੇ ਨਾਲ ਨਾ ਵਰਤਕੇ ਆਮਦਨ ਦੇ ਸਾਧਨ ਪੈਦਾ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਕਰੀਬ 37 ਏਕੜ ਤੇ ਬਠਿੰਡਾ ਰੋਡ ਤੇ ਕਰੀਬ 33 ਏਕੜ ਜ਼ਮੀਨ ਖਾਲੀ ਪਈ ਹੈ, ਜਿਸ ਤੋਂ ਉਚਿਤ ਆਮਦਨ ਦੇ ਸਾਧਨ ਪੈਦਾ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਪਰਿਵਾਰ ਦੇ ਪਾਲਣ ਪੋਸ਼ਣ ਤੇ ਮੁਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਭਾਰੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਬੈਂਕਾਂ ਦੀਆਂ ਕਿਸ਼ਤਾਂ ਤੇ ਬੱਚਿਆਂ ਦੀ ਪੜ੍ਹਾਈ ਦੇ ਖਰਚ 'ਚ ਵੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਤਿੰਨ ਮਹੀਨਿਆ ਦੀ ਤਨਖਾਹ ਪੈਂਡਿੰਗ ਨਾਲ ਹੀ ਕਰੀਬ ਪੰਜ ਮਹੀਨਿਆਂ ਦਾ ਪੀਐੱਫ ਬਕਾਇਆ ਵੀ ਹੁਣ ਤਕ ਜਮ੍ਹਾ ਨਹੀਂ ਕਰਵਾਇਆ ਗਿਆ। ਜਦੋਂ ਇਸ ਸਬੰਧੀ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਮੁਲਾਜ਼ਮਾਂ ਨਾਲ ਹੀ ਗੱਲ ਕਰੋ।