ਕਰਮਜੀਤ ਸਿੰਘ ਸਾਗਰ, ਧਨੌਲਾ : ਪਿੰਡ ਭੈਣੀ ਮਹਿਰਾਜ ਦੀ ਵਿਆਹੁਤਾ ਔਰਤ ਨੇ ਆਪਣੇ ਪੇਕੇ ਘਰ ਜਾ ਕੇ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਗਗਨਦੀਪ ਕੌਰ (32) ਦੇ ਪਤੀ ਬਲਕਾਰ ਸਿੰਘ ਪੁੱਤਰ ਛੱਜੂ ਸਿੰਘ ਵਾਸੀ ਭੈਣੀ ਮਹਿਰਾਜ ਨੇ ਦੱਸਿਆ ਕਿ ਗਗਨਦੀਪ ਆਪਣੀ ਲੜਕੀ ਨਾਲ ਹਰ ਸਾਲ ਦੀ ਤਰ੍ਹਾਂ ਆਪਣੇ ਪੇਕੇ ਪਿੰਡ ਬਾਲੀਆਂ (ਕੱਟੂ ) ਵਿਖੇ ਬਾਬਾ ਗੁਲਾਬ ਸਿੰਘ ਦੀ ਸਮਾਧ 'ਤੇ ਰੱਖੇ ਪ੍ਰੋਗਰਾਮ 'ਤੇ ਗਈ ਸੀ। ਇਸ ਦੌਰਾਨ ਉਹ ਲੜਕੀ ਨੂੰ ਆਪਣੀ ਮਾਂ ਕੋਲ ਘਰੇ ਛੱਡ ਕੇ ਸਮਾਧ 'ਤੇ ਮੱਥਾ ਟੇਕਣ ਲਈ ਕਹਿ ਕੇ ਚਲੀ ਗਈ।

ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਹੋਈ ਅਨਾਊਂਸਮੈਂਟ ਤੋਂ ਪਤਾ ਲੱਗਾ ਕਿ ਗਗਨਦੀਪ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ। ਮੌਕੇ 'ਤੇ ਹਾਜ਼ਰ ਪਿੰਡ ਬਾਲੀਆਂ ਦੇ ਸਰਪੰਚ ਕੁਲਦੀਪ ਸਿੰਘ, ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਅਨਾਊਂਸਮੈਂਟ ਸੁਣ ਕੇ ਨਹਿਰ 'ਤੇ ਗਏ ਤਾਂ ਉਥੇ ਜੰਗਲਾਤ ਮਹਿਕਮੇ ਦੇ ਕੰਮ ਕਰ ਰਹੇ ਮੁਲਾਜ਼ਮਾਂ ਨੇ ਗਗਨਦੀਪ ਨੂੰ ਬਾਹਰ ਕੱਢ ਲਿਆ ਸੀ ਤੇ ਐਂਬੂਲੈਂਸ 108 ਦੇ ਮੁਲਾਜ਼ਮਾਂ ਸੰਦੀਪ ਮਾਰਕੰਡਾ ਤੇ ਗੁਰਤੇਜ ਸਿੰਘ ਨੇ ਚੁੱਕ ਕੇ ਸਰਕਾਰੀ ਹਸਪਤਾਲ ਧਨੌਲਾ ਵਿਖੇ ਲਿਆਂਦਾ। ਡਾਕਟਰਾਂ ਨੇ ਗਗਨਦੀਪ ਨੂੰ ਮਿ੍ਤਕ ਕਰਾਰ ਦੇ ਦਿੱਤਾ। ਥਾਣਾ ਧਨੌਲਾ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਗਗਨਦੀਪ ਦੀ ਮਾਤਾ ਸਿੰਦਰ ਕੌਰ ਬਾਲੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।