ਚੌਹਾਨ, ਸੰਗਰੂਰ : ਸੁਨਾਮ ਸ਼ਹੀਦ ਊਧਮ ਸਿੰਘ ਵਾਲਾ 'ਚ ਸਥਾਨਕ ਪੁਲਿਸ ਨੇ ਨਾਜਾਇਜ਼ ਸਬੰਧਾਂ ਕਾਰਨ ਪਤਨੀ ਵੱਲੋਂ ਪ੍ਰਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦਾ ਮਾਮਲਾ ਹੱਲ ਕਰਦੇ ਹੋਏ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਥਾਣਾ ਚੀਮਾ 'ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੀਐੱਸਪੀ ਸੁਨਾਮ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੋਨੀ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਰਤਨਗੜ੍ਹ ਪਾਟਿਆਂਵਾਲੀ ਪਿੰਡ ਜਖੇਪਲ ਦੇ ਸੰਦੀਪ ਸਿੰਘ ਦੀ ਕੰਬਾਈਨ 'ਤੇ ਚਾਲਕ ਦਾ ਕੰਮ ਕਰਦਾ ਸੀ। ਕਣਕ ਦਾ ਸੀਜ਼ਨ ਲਾ ਕੇ 28 ਅਪ੍ਰਰੈਲ ਨੂੰ ਆਪਣੇ ਘਰ ਆ ਗਿਆ ਸੀ। ਸੋਨੀ ਸਿੰਘ 1 ਮਈ ਨੂੰ ਆਪਣੇ ਘਰ ਤੋਂ ਲਾਪਤਾ ਦੱਸਿਆ ਗਿਆ। ਪਰ ਹੁਣ ਉਸਦੀ ਲਾਸ਼ 5 ਮਈ ਨੂੰ ਪਿੰਡ ਚੌਵਾਸ ਜਖੇਪਲ ਦੇ ਛੱਪੜ 'ਚੋਂ ਮਿਲੀ।

ਉਨ੍ਹਾਂ ਦੱਸਿਆ ਕਿ ਸੋਨੀ ਸਿੰਘ ਦੇ ਰਿਸ਼ਤੇਦਾਰ ਮਨਪ੍ਰੀਤ ਸਿੰਘ ਨੇ ਸੋਨੀ ਸਿੰਘ ਦੇ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਸੋਨੀ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਆਪਣੇ ਪ੍ਰੇਮੀ ਰਵਿੰਦਰ ਸਿੰਘ ਉਰਫ਼ ਰਵੀ ਪੁੱਤਰ ਅਮਰੀਕ ਸਿੰਘ ਨਿਵਾਸੀ ਪਾਟਿਆਂਵਾਲੀ ਨਾਲ ਮਿਲ ਕੇ ਸਾਜਿਸ਼ ਰਚੀ ਸੀ। ਇਕ ਮਈ ਨੂੰ ਸੋਨੀ ਸਿੰਘ ਦੇ ਸਿਰ 'ਚ ਲੋਹੇ ਦੀ ਪਾਈਪ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਉਨ੍ਹਾਂ ਨੇ ਚਾਦਰ 'ਚ ਬੰਨ੍ਹ ਕੇ ਪਿੰਡ ਚੌਵਾਸ ਜਖੇਪਲ ਦੇ ਛੱਪੜ 'ਚ ਸੁੱਟ ਦਿੱਤੀ ਸੀ। ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।