ਸ਼ੰਭੂ ਗੋਇਲ, ਲਹਿਰਾਗਾਗਾ : ਦੇਸ਼ ਤਰੱਕੀ ਦੇ ਰਾਹ 'ਤੇ ਹੈ, ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਨਹੀਂ, ਅਜੇ ਵੀ ਬਹੁਤ ਸਾਰੇ ਲੋਕ ਪਿਛਲੀ ਸਦੀ ਵਾਂਗ ਜ਼ਿੰਦਗੀ ਬਿਤਾ ਰਹੇ ਹਨ। ਜਿਨ੍ਹਾਂ ਦੀ ਆਜ਼ਾਦੀ ਦੇ 73 ਸਾਲ ਬਾਅਦ ਵੀ ਜੂਨ ਨਹੀਂ ਸੁਧਰੀ। ਅਜਿਹਾ ਹੀ ਇਸ ਹਲਕੇ ਨਾਲ ਸਬੰਧਿਤ ਪਿੰਡ ਹੈ ਭੂੱਲਣ, ਜਿੱਥੋਂ ਦੇ ਲੋਕ ਅੱਜ ਵੀ ਕਈ ਕਿਲੋਮੀਟਰ ਦੂਰ ਚੱਲ ਕੇ ਭਾਖੜਾ ਨਹਿਰ ਤੋਂ ਪਾਣੀ ਲੈਣ ਜਾਂਦੇ ਹਨ ਅਤੇ ਉਹੀ ਪਾਣੀ ਸਾਰਾ ਦਿਨ ਪੀਂਦੇ ਹਨ। 73 ਸਾਲਾਂ ਵਿੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ, ਪਰ ਕਿਸੇ ਦੀ ਵੀ ਇਸ ਪਿੰਡ ਵੱਲ ਸਵੱਲੀ ਨਜ਼ਰ ਨਹੀਂ ਪਈ। ਇਹ ਇਕੱਲਾ ਨਹੀਂ, ਅਜਿਹੇ ਇਸ ਹਲਕੇ ਦੇ ਹੋਰ ਵੀ ਅਜਿਹੇ ਪਿੰਡ ਇਨ੍ਹਾਂ ਵਾਂਗ ਹੀ ਜੂਨ ਹੰਢਾ ਰਹੇ ਹਨ। ਇਸ ਪਿੰਡ ਦੇ ਰਾਮ ਕਿਸ਼ਨ, ਕੁਲਦੀਪ ਸਿੰਘ, ਦਲਬੀਰ ਸਿੰਘ, ਰਣਧੀਰ ਸਿੰਘ ਅਤੇ ਨਿਰਮਲਾ ਦੇਵੀ ਨੇ ਦੱਸਿਆ ਕਿ ਇੱਥੋਂ ਦੇ ਲੋਕ ਪਿਛਲੇ 20-25 ਸਾਲਾਂ ਤੋਂ ਕਈ ਕਿਲੋਮੀਟਰ ਚੱਲ ਕੇ ਭਾਖੜਾ ਨਹਿਰ ਤੋਂ ਪਾਣੀ ਲਿਆਉਂਦੇ ਹਨ। ਜਿਨ੍ਹਾਂ ਚੋਂ ਕੁੱਝ ਪੈਦਲ ਅਤੇ ਕੁੱਝ ਮੋਟਰ ਸਾਈਕਲ ਜਾਂ ਸਾਈਕਲਾਂ 'ਤੇ ਜਾਂਦੇ ਹਨ। ਜਦੋਂ ਕਿ ਇਸ ਨਹਿਰ ਵਿੱਚੋਂ ਹਰ ਰੋਜ਼ ਵਾਂਗ ਲਾਸ਼ਾਂ ਵੀ ਆਉਂਦੀਆਂ ਰਹਿੰਦੀਆਂ ਹਨ। ਪ੍ਰੰਤੂ ਪਿਆਸੇ ਮਰਦੇ ਲੋਕ ਕੀ ਕਰਨ? ਕਿਉਂਕਿ ਪਿੰਡ ਦਾ ਪਾਣੀ ਠੀਕ ਨਹੀਂ ਹੈ, ਪੀਣ ਯੋਗ ਨਹੀਂ ਹੈ।

ਉਕਤ ਆਗੂਆਂ ਨੇ ਕਿਹਾ ਕਿ ਇਸ ਪਿੰਡ ਤੋਂ ਇਲਾਵਾ ਭਾਖੜਾ ਨਹਿਰ ਦੇ ਦੋਵੇਂ ਪਾਸੇ ਪਿੰਡ ਠਸਕਾ, ਬਾਹਮਣੀ ਵਾਲਾ, ਕਰੌਂਦਾ, ਮਹਾਂਸਿੰਘ ਵਾਲਾ, ਗੁਲਾੜੀ ਤੋਂ ਇਲਾਵਾ ਹਰਿਆਣੇ ਦੇ ਕਈ ਪਿੰਡ ਵੀ ਇੱਥੋਂ ਪਾਣੀ ਲੈ ਕੇ ਜਾਂਦੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪਿੰਡ ਵਿੱਚ ਪੀਣ ਵਾਲੇ ਸਾਫ਼ ਪਾਣੀ ਲਈ ਪ੍ਰਬੰਧ ਕੀਤੇ ਜਾਣ ਤਾਂ ਜੋ ਜ਼ਿੰਦਗੀਆਂ ਅਜਾਈਂ ਨਾ ਜਾਣ ਅਤੇ ਪਿੰਡ ਨਿਵਾਸੀ ਤੰਦਰੁਸਤ ਜੀਵਨ ਜਿਊਣ ਪਰ ਕਿਸੇ ਵੀ ਨੇਤਾ ਲੀਡਰ ਜਾਂ ਮੰਤਰੀ ਨੇ ਇਸ ਦਾ ਹੱਲ ਕਰਨਾ ਮੁਨਾਸਿਬ ਨਹੀਂ ਸਮਿਝਆ। ਉਨ੍ਹਾਂ ਕਿਹਾ ਕਿ ਆਗੂ ਜਾਂ ਮੰਤਰੀ, ਲੀਡਰ ਚੋਣਾਂ ਵੇਲੇ ਆਉਂਦੇ ਹਨ, ਵਾਅਦਾ ਕਰਦੇ ਹਨ, ਪ੍ਰੰਤੂ ਵੋਟਾਂ ਲੈ ਕੇ ਸਭ ਭੁੱਲ ਜਾਂਦੇ ਹਨ।

ਉਕਤ ਆਗੂਆਂ ਨੇ ਦੱਸਿਆ ਕਿ ਦੂਸ਼ਿਤ ਅਤੇ ਖ਼ਰਾਬ ਪਾਣੀ ਕਾਰਨ ਇਸ ਪਿੰਡ ਦੇ ਦਰਜਨ ਭਰ ਲੋਕ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਜਿਨ੍ਹਾਂ ਵਿੱਚੋਂ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਉਪਰੋਕਤ ਪਿੰਡ ਨਿਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਨਹਿਰ ਤੋਂ ਵਾਟਰ ਵਰਕਸ ਲਾ ਕੇ ਜਾਂ ਟਰੀਟਮੈਂਟ ਪਲਾਂਟ ਰਾਹੀਂ ਸੋਧ ਕੇ ਪੀਣ ਲਈ ਪਾਣੀ ਉਪਲੱਬਧ ਕਰਵਾਇਆ ਜਾਵੇ।

-------

ਵਾਟਰ ਸਕੀਮ ਬਣਾਈ ਜਾ ਰਹੀ ਹੈ : ਐੱਸਡੀਐੱਮ

ਐੱਸਡੀਐੱਮ ਲਹਿਰਾ ਜੀਵਨਜੋਤ ਕੌਰ ਨੇ ਕਿਹਾ ਕਿ ਇਸ ਬਾਰੇ ਐੱਸਡੀਓ ਵਾਟਰ ਸਪਲਾਈ ਸੁਖਦੇਵ ਸਿੰਘ ਨਾਲ ਗੱਲਬਾਤ ਕਰਨ ਉਪਰੰਤ ਪਤਾ ਲੱਗਿਆ ਕਿ ਇੱਥੇ 2010 'ਚ 1500 ਲੀਟਰ ਦੀ ਸਮਰੱਥਾ ਵਾਲਾ ਆਰਓ ਪਲਾਂਟ ਲਾਇਆ ਗਿਆ ਸੀ, ਪ੍ਰੰਤੂ ਪਿੰਡ ਨਿਵਾਸੀ ਇਸ ਨੂੰ ਛੱਡ ਕੇ ਭਾਖੜ ਤੋਂ ਪਾਣੀ ਲਿਆਉਣ ਨੂੰ ਤਰਜ਼ੀਹ ਦੇ ਰਹੇ ਹਨ। ਜਿਸ ਕਰ ਕੇ ਇਸ ਪਲਾਂਟ ਨੂੰ ਤਾਲ਼ਾ ਲੱਗਿਆ ਹੋਇਆ ਹੈ। ਹੁਣ ਵਾਟਰ ਸਪਲਾਈ ਸਕੀਮ ਬਣਾਈ ਜਾ ਰਹੀ ਹੈ। ਜਿਸ ਨੂੰ ਜਲਦੀ ਤੋਂ ਜਲਦੀ ਮਨਜ਼ੂਰ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

----------