ਬਲਜੀਤ ਸਿੰਘ ਟਿੱਬਾ, ਸੰਗਰੂਰ : ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਖ਼ਤਰਨਾਕ ਲਹਿਰ ਨੂੰ ਹਰਾਉਣ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਪਵੇਗੀ, ਜਿਸ 'ਚ ਨੌਜਵਾਨਾਂ ਦਾ ਸਹਿਯੋਗ ਬੇਹਦ ਜ਼ਰੂਰੀ ਹੈ। ਸਿੰਗਲਾ ਅੱਜ ਇਥੇ ਮਾਰਕਿਟ ਕਮੇਟੀ ਦੇ ਦਫ਼ਤਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫ਼ਤਿਹ 2.0 ਦੇ ਸਬੰਧ 'ਚ ਨੌਜਵਾਨਾਂ ਨਾਲ ਗੱਲਬਾਤ ਲਈ ਵਰਚੂਅਲ ਤਰੀਕੇ ਨਾਲ ਕਰਵਾਏ ਪ੍ਰਰੋਗਰਾਮ 'ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਹਿੱਸਾ ਲੈਣ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ ਪਰ ਿਫ਼ਰ ਵੀ ਕੋਵਿਡ ਦੇ ਸੰਪਰਕ 'ਚ ਆਉਣ ਤੋਂ ਬਚਣ ਲਈ ਹਰ ਵੇਲੇ ਸੁਚੇਤ ਰਹਿਣਾ ਚਾਹੀਦਾ ਹੈ, ਜਿਸ ਲਈ ਨੌਜਵਾਨਾਂ ਨੂੰ ਆਪਣੇ ਪਰਿਵਾਰ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਤੇ ਇਸ ਦੇ ਲੱਛਣਾਂ ਪ੍ਰਤੀ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ।

ਸਿੰਗਲਾ ਨੇ ਦੱਸਿਆ ਕਿ ਸੰਗਰੂਰ ਵਾਸੀਆਂ ਨੂੰ ਕੋਵਿਡ-19 ਦੌਰਾਨ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ ਤੇ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਲਈ ਹਰ ਸੰਭਵ ਮੈਡੀਕਲ ਸਹੂਲਤ ਉਪਲਬਧ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਆਕਸੀਜਨ ਉਪਲਬਧਤਾ ਵਾਲੇ ਬੈੱਡਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਨੂੰ ਵੀ ਕੋਵਿਡ ਦੇ ਇਲਾਜ ਲਈ ਲੋੜੀਂਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ 'ਚ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਸੰਗਰੂਰ ਦੇ ਕਾਲੀ ਮਾਤਾ ਮੰਦਰ ਦੇ ਇਕ ਭਵਨ 'ਚ ਆਕਸੀਜਨ ਕੰਸਨਟਰੇਟਰਾਂ ਦੀ ਮਦਦ ਨਾਲ 100 ਬੈੱਡਾਂ 'ਤੇ ਬਣਾਉਟੀ ਆਕਸੀਜਨ ਮੁਹੱਈਆ ਕਰਵਾ ਜ਼ਿੰਮੇਵਾਰ ਸੰਗਰੂਰ ਮੁਹਿੰਮ ਤਹਿਤ 'ਕੋਵਿਡ ਵਾਰ ਰੂਮ' ਤਿਆਰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ 'ਚ ਉਪਲਬਧ ਬੈੱਡਾਂ 'ਤੇ ਮਰੀਜ਼ਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਇੱਥੇ ਦਾਖ਼ਲਾ ਸ਼ੁਰੂ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਆਪਣੇ ਵੱਲੋਂ ਸੰਗਰੂਰ ਵਾਸੀਆਂ ਲਈ ਇਕ ਹੈਲਪਲਾਈਨ ਵੀ ਸ਼ੁਰੂ ਕਰਵਾਈ ਹੈ, ਜਿਸ 'ਤੇ ਕਾਲ ਜਾਂ ਮੈਸੇਜ ਕਰਕੇ ਕੋਵਿਡ ਦੇ ਮਰੀਜ਼ ਕੋਈ ਵੀ ਡਾਕਟਰੀ ਜਾਂ ਹੋਰ ਲੋੜੀਂਦੀ ਸਹਾਇਤਾ ਦੀ ਮੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਹੈਲਪਲਾਈਨ ਨੰਬਰ 88981-00004 'ਤੇ ਕਾਲ ਜਾਂ ਮੈਸੇਜ ਪ੍ਰਰਾਪਤ ਹੋਣ ਤੋਂ 2 ਘੰਟਿਆਂ ਦੇ ਅੰਦਰ-ਅੰਦਰ ਵਲੰਟੀਅਰਾਂ ਵੱਲੋਂ ਲੋੜਵੰਦ ਮਰੀਜ਼ਾਂ ਦੀ ਮਦਦ ਕਰਨੀ ਯਕੀਨੀ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸੰਗਰੂਰ ਦੇ ਵਸਨੀਕ ਮੇਰਾ ਪਰਿਵਾਰ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਖਿਆਲ ਰੱਖਣ ਲਈ ਮੈਂ ਹਰ ਵੇਲੇ ਯਤਨਸ਼ੀਲ ਹਾਂ। ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ।

ਇਸ ਮੌਕੇ ਐੱਸਡੀਐੱਮ ਭਵਾਨੀਗੜ੍ਹ ਡਾ. ਕਰਮਜੀਤ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਪ੍ਰਦੀਪ ਕੱਦ ਤੇ ਹੋਰ ਪਤਵੰਤੇ ਹਾਜ਼ਰ ਸਨ।