ਜੇਐਨਐਨ, ਭਵਾਨੀਗੜ੍ਹ : ਭਵਾਨੀਗੜ੍ਹ ਵਿਚ ਬੁੱਧਵਾਰ ਸਵੇਰੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸਬਜ਼ੀ ਵਿਕ੍ਰੇਤਾਵਾਂ ਨੇ ਸਬਜ਼ੀ ਅਤੇ ਫਲ ਨਾਲ ਭਰੇ ਟੈਂਪੂ ਬਲਿਆਲ ਰੋਡ ਨਜ਼ਦੀਕ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ’ਤੇ ਖਿਲਾਰ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਸਬਜ਼ੀ ਵਿਕ੍ਰੇਤਾਵਾਂ ਨੇ ਦੋਸ਼ ਲਾਇਆ ਕਿ ਮੰਗਲਵਾਰ ਸ਼ਾਮ ਨੂੰ ਸਥਾਨਕ ਪੁਲਿਸ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਵਿਚ ਸਬਜ਼ੀ ਵਿਕ੍ਰੇਤਾਵਾਂ ਨਾਲ ਦੁਰਵਿਹਾਰ ਕੀਤਾ ਅਤੇ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਨੌਜਵਾਨ ਤੇ ਬਜ਼ੁਰਗ ਨਾਲ ਮਾਰਕੁੱਟ ਕੀਤੀ। ਇਸ ਦੇ ਰੋਸ ਵਜੋਂ ਅੱਜ ਇਹ ਕਦਮ ਚੁੱਕਣ ਲਈ ਸਬਜ਼ੀ ਅਤੇ ਫਲ ਵਿਕ੍ਰੇਤਾ ਮਜਬੂਰ ਹੋਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਬਜ਼ੀ ਵਿਕ੍ਰੇਤਾਵਾਂ ਨੂੰ ਸਬਜ਼ੀ ਵੇਚਣ ਲਈ ਨਾਮਾਤਰ ਕੁਝ ਘੰਟੇ ਦੇ ਸਮੇਂ ਦੇਣ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਜਦੋਂ ਸ਼ਰਾਬ ਦੇ ਠੇਕੇ ਪੂਰਾ ਦਿਨ ਖੁੱਲ੍ਹ ਸਕਦੇ ਹਨ ਤਾਂ ਸਬਜ਼ੀ ਅਤੇ ਫਲ ਦੀ ਵਿਕਰੀ ਕਰਨ ’ਤੇ ਕੀ ਇਤਰਾਜ਼ ਹੈ।

ਸਬਜ਼ੀ ਦੀ ਰੇਹੜੀ ਅਤੇ ਦੁਕਾਨ ਲਾਉਣ ਵਾਲੇ ਵਿਅਕਤੀ ਵੀ ਸਵੇਰੇ 9 ਵਜੇ ਤਕ ਸਬਜ਼ੀ ਮੰਡੀ ਵਿਚੋਂ ਸਬਜ਼ੀ ਖਰੀਦ ਕੇ ਲਿਆਉਂਦੇ ਹਨ ਅਤੇ ਫਿਰ ਆਪਣੀ ਰੇਹੜੀ ਤਿਆਰ ਕਰਕੇ ਬਾਜ਼ਾਰ ਵਿਚ ਵੇਚਣ ਲਈ ਨਿਕਲਦੇ ਹਨ। ਸਰਕਾਰ ਦੀ ਗਲਤ ਸਮਾਂ ਸਾਰਣੀ ਕਾਰਨ ਸਬਜ਼ੀ ਖਰਾਬ ਹੋਣ ’ਤੇ ਸਬਜ਼ੀ ਸੁੱਟਣੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰਤੀ ਆਰਥਕ ਨੁਕਸਾਨ ਹੁੰਦਾ ਹੈ। ਉਥੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਡੰਡੇ ਦੇ ਜ਼ੋਰ ’ਤੇ ਕਾਰੋਬਾਰ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਨੇ ਸਬਜ਼ੀ ਤੇ ਫਲ ਦੀਆਂ ਰੇਹੜੀਆਂ ਪੂੁਰਾ ਦਿਨ ਲਾਉਣ ਅਤੇ ਦੁਰਵਿਹਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Posted By: Tejinder Thind