ਮੁਕੇਸ਼ ਸਿੰਗਲਾ, ਭਵਾਨੀਗੜ੍ਹ :

ਕਾਂਗਰਸ ਹਾਈਕਮਾਂਡ ਵੱਲੋਂ ਦਲਿਤ ਭਾਈਚਾਰੇ ਨਾਲ ਸਬੰਧਤ ਪੰਜਾਬ ਦੇ ਕੈਬਨਿਟ ਮੰਤਰੀ ਮੰਡਲ 'ਚ ਸ਼ਾਮਿਲ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਐਲਾਨਿਆ ਗਿਆ। ਇਸ ਸੰਬੰਧੀ ਆਪਣੀ ਜਾਤੀਵਾਦ ਨਫ਼ਰਤ ਨੂੰ ਉਜਾਗਰ ਕਰਦਿਆਂ ਅਤੇ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਣ ਦੀ ਖਾਤਰ ਦੋ ਲੋਕਾਂ ਵੱਲੋੰ ਸੋਸ਼ਲ ਮੀਡੀਆ (ਫੇਸਬੁੱਕ) 'ਤੇ ਦਲਿਤਾਂ ਪ੍ਰਤੀ ਅਪਮਾਨਜਨਕ ਤੇ ਭੱਦੀ ਸ਼ਬਦਾਵਲੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸਖਤ ਨੋਟਿਸ ਲੈਂਦਿਆਂ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਨੁਮਾਇੰਦਿਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਦਲਿਤ ਭਾਈਚਾਰੇ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਵਾਲੇ ਉਕਤ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਡੀਐੱਸਪੀ ਭਵਾਨੀਗੜ੍ਹ ਨੂੰ ਲਿਖਤੀ ਸ਼ਿਕਾਇਤ ਦਿੱਤੀ।

ਇਸ ਮੌਕੇ ਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਗਮੀ ਕਲਿਆਣ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਹੁਣ ਬਹੁਜਨ ਸਮਾਜ ਪੜ੍ਹ ਲਿਖ ਕੇ ਜਾਗਰੂਕ ਹੋ ਗਿਆ ਹੈ ਪੰ੍ਤੂ ਮਨੂਵਾਦੀ ਸੋਚ ਨੂੰ ਉਜਾਗਰ ਕਰਨ ਵਾਲੇ ਲੋਕਾਂ ਨੂੰ ਉਹ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਸਜਾ ਦਵਾਉਣਗੇ। ਉਨਾਂ੍ਹ ਦੱਸਿਆ ਕਿ ਸੋਸ਼ਲ ਮੀਡੀਆ ਉਪਰ ਦਲਿਤ ਮੁੱਖ ਮੰਤਰੀ ਅਤੇ ਸਮੁੱਚੇ ਦਲਿਤ ਭਾਈਚਾਰੇ ਖਿਲਾਫ਼ ਜਾਤੀਸੂਚਕ ਸ਼ਬਦਾਂ ਦੀ ਵਰਤੋੰ ਕਰਕੇ ਗੁਰਬਚਨ ਸਿੰਘ ਅਤੇ ਇੱਕ ਹੋਰ ਲੜਕੀ ਨੇ ਬਹੁਜਨ ਸਮਾਜ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ ਜਿਸ ਨੂੰ ਬਰਦਾਸ਼ਤ ਨਹੀੰ ਕੀਤਾ ਜਾ ਸਕਦਾ। ਇਸ ਲਈ ਅੱਜ ਉਨਾਂ੍ਹ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਵੱਲੋੰ ਉਕਤ ਦੋਵਾਂ ਲੋਕਾਂ ਖਿਲਾਫ਼ ਐੱਸ.ਸੀ ਐਕਟ ਤਹਿਤ ਧਾਰਾ 295 ਏ ਦਾ ਪਰਚਾ ਦਰਜ ਕਰਾਉਣ ਲਈ ਡੀ.ਐੱਸ.ਪੀ ਭਵਾਨੀਗੜ੍ਹ ਨੂੰ ਦਰਖ਼ਾਸਤ ਦਿੱਤੀ ਗਈ ਹੈ। ਗਮੀ ਕਲਿਆਣ ਨੇ ਕਿਹਾ ਕਿ ਮਾਮਲੇ ਸਬੰਧੀ ਕਾਰਵਾਈ ਨਾ ਹੋਣ 'ਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਦਲਿਤ ਭਾਈਚਾਰੇ ਦੇ ਲੋਕ ਸੜਕਾਂ 'ਤੇ ਉਤਰ ਕੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

*ਜਾਂਚ ਕੀਤੀ ਜਾ ਰਹੀ: ਡੀਐੱਸਪੀ*

ਓਧਰ ਇਸ ਸੰਬੰਧੀ ਡੀਐੱਸਪੀ ਭਵਾਨੀਗੜ੍ਹ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ। ਜੋ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਖ਼ਲਿਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।