ਜੇਐੱਨਐੱਨ, ਧੂਰੀ : ਦੋਸਤੀ ਤੇ ਪਿਆਰ ਦੇ ਮਾਮਲੇ ਵਿਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਸਥਾਨਕ ਨੌਜਵਾਨ ਦੀ ਦੋਸਤੀ ਵਿਆਹੁਤਾ ਔਰਤ ਨਾਲ ਹੋਈ ਸੀ। ਇਸ ਮਗਰੋਂ ਇਹ ਦੋਸਤੀ ਪਿਆਰ ਵਿਚ ਬਦਲ ਗਈ। ਜਦੋਂ ਉਹ ਵਿਆਹੁਤਾ ਔਰਤ ਆਪਣੀ ਧੀ ਨੂੰ ਨਾਲ ਲੈ ਕੇ ਨੌਜਵਾਨ ਦੇ ਘਰ ਰਹਿਣ ਲਈ ਪੁੱਜ ਗਈ ਤਾਂ ਪਰੇਸ਼ਾਨ ਹੋਏ ਨੌਜਵਾਨ ਨੇ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਰੇਲਵੇ ਫਾਟਕ ਲਾਗਿਓਂ ਬਰਾਮਦ ਕੀਤੀ ਹੈ।

ਜਾਣਕਾਰੀ ਮੁਤਾਬਕ ਸ਼ਹਿਰ ਦੀ ਸਲੱਮ ਬਸਤੀ ਦੀ ਵਸਨੀਕ ਰਾਜ ਕੌਰ ਨੇ ਥਾਣਾ ਧੂਰੀ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦੇ ਪੁੱਤਰ ਸੋਨੀ ਦੀ ਕੁਝ ਵਰਿ੍ਹਆਂ ਤੋਂ ਥਾਣਾ ਛਾਜਲੀ ਦੇ ਪਿੰਡ ਜਵੰਦਾ ਵਿਚ ਰਹਿੰਦੀ ਵਿਆਹੁਤਾ ਔਰਤ ਨਾਲ ਦੋਸਤੀ ਸੀ। ਕਰੀਬ ਦੋ ਹਫ਼ਤੇ ਪਹਿਲਾਂ ਉਹ ਔਰਤ ਆਪਣੀ ਧੀ ਸਮੇਤ ਜਬਰਦਸਤੀ ਉਨ੍ਹਾਂ ਦ ਘਰ ਰਹਿਣ ਲਈ ਆ ਪੁੱਜੀ। ਉਸ ਨੂੰ ਵਾਪਸ ਭੇਜਣ ਲਈ ਬਹੁਤ ਜ਼ੋਰ ਲਾਇਆ ਪਰ ਔਰਤ ਧਮਕੀਆਂ ਦੇਣ ਲੱਗੀ ਕਿ ਜੇ ਉਸ ਨੂੰ ਘਰੋਂ ਕੱਢਿਆ ਤਾਂ ਉਹ ਖ਼ੁਦਕੁਸ਼ੀ ਕਰ ਲਏਗੀ। ਇਸ ਤੋਂ ਪਰੇਸ਼ਾਨ ਹੋ ਕੇ ਸੋਨੀ ਸਿੰਘ ਬੀਤੇ ਦਿਨੀਂ ਘਰੋਂ ਚਲਾ ਗਿਆ ਸੀ। 22 ਜਨਵਰੀ ਨੂੰ ਉਸ ਦੀ ਲਾਸ਼ ਦੋਹਲਾ ਫਾਟਕ ਲਾਗੇ ਸੜਕ ਕਿਨਾਰੇ ਮਿਲੀ ਸੀ। ਮਿ੍ਰਤਕ ਮੁੰਡੇ ਦੀ ਮਾਂ ਦੇ ਬਿਆਨਾਂ ’ਤੇ ਪੁਲਿਸ ਨੇ ਵਿਆਹੀ ਵਰ੍ਹੀ ਔਰਤ ਵਿਰੁੱਧ ਕੇਸ ਦਰਜ ਕੀਤਾ ਹੈ, ਉਹਦੀ ਗਿ੍ਰਫ਼ਤਾਰੀ ਹੋਣੀ ਰਹਿੰਦੀ ਹੈ।

Posted By: Jagjit Singh