ਬੂਟਾ ਸਿੰਘ ਚੌਹਾਨ, ਸੰਗਰੂਰ : ਪੰਜਾਬ ਐਕਸ ਸਰਵਿਸ ਮੈਨ ਸਕਿਓਰਟੀ ਗਾਰਡ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਕਿਓਰਟੀ ਗਾਰਡ ਹਰਜੀਤ ਸਿੰਘ ਤੇ ਬਲਵਿੰਦਰ ਸਿੰਘ ਨੂੰ ਪਿ੍ਰੰਸੀਪਲ ਮੈਰੀਟੋਰੀਅਸ ਸਕੂਲ ਘਾਬਦਾਂ ਨੇ ਜਬਰਦਸ਼ਤੀ ਕੱਢ ਦਿੱਤਾ ਗਿਆ ਹੈ ਅਤੇ ਜਿਸ ਕੰਪਨੀ ਦੇ ਹੇਠ, ਜੋ ਕਿ ਪੋਸਕੋ ਕੰਪਨੀ ਹੈ, ਨੂੰ ਗਲਤ ਚਿੱਠੀ ਕੱਢ ਕਿ ਨੌਕਰੀ ਤੋਂ ਫ਼ਾਰਗ ਕਰਵਾਉਣ ਤੇ ਉਨ੍ਹਾਂ ਨੂੰ ਦੂਰ ਤਕਰੀਬਨ 150 ਕਿਲੋਮੀਟਰ ਦੂਰ ਬਦਲੀ ਕਰ ਦਿੱਤੀ ਹੈ। ਜਦੋਂ ਕਿ ਇਨ੍ਹਾਂ ਸਾਬਕਾ ਫ਼ੌਜੀਆਂ ਦੀ ਤਨਖ਼ਾਹ ਸਿਰਫ਼ 9800 ਰੁਪਏ ਹੈ, ਜੋ ਸਕੂਲ ਦੇ ਪਿ੍ਰੰਸੀਪਲ ਦੀ ਮਨਸ਼ਾ ਹੈ ਕਿ ਇਤਨੀ ਦੂਰ ਬਦਲੀ ਕਰ ਦਿੱਤੀ ਜਾਵੇ ਕਿ ਮਜ਼ਬੂਰ ਹੋ ਕਿ ਨੌਕਰੀ ਹੀ ਛੱਡ ਜਾਣ। ਇੱਕ ਪਾਸੇ ਸਰਕਾਰ ਫ਼ੌਜੀਆਂ ਦੀਆਂ ਕੁਰਬਾਨੀਆਂ ਦੇ ਸੋਹਲੇ ਗਾ ਰਹੀ ਹੈ, ਦੂਜੇ ਪਾਸੇ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ੳਨ੍ਹਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿ੍ਰੰਸੀਪਲ ਦੇ ਹੈਂਕੜਬਾਜ਼ੀ ਵਤੀਰੇ ਦੇ ਖ਼ਿਲਾਫ਼ 24 ਅਗਸਤ ਨੂੰ ਪਿ੍ਰੰਸੀਪਲ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।

ਸੰਪਰਕ ਕਰਨ 'ਤੇ ਮੈਰੀਟੋਰੀਅਸ ਸਕੂਲ ਘਾਬਦਾਂ ਦੇ ਪਿ੍ਰੰਸੀਪਲ ਮਨੀਸ਼ ਸ਼ਰਮਾ ਨੇ ਕਿਹਾ ਕਿ ਉਹ ਸਾਡੇ ਮੁਲਾਜ਼ਮ ਨਹੀਂ ਹਨ, ਉਨ੍ਹਾਂ ਦੀ ਭਰਤੀ ਆਊਟ ਸ਼ੋਰਸਿੰਗ 'ਪੋਸਕੋ ਕੰਪਨੀ' ਰਾਹੀਂ ਕੀਤੀ ਗਈ ਹੈ। ਬੰਦੇ ਰੱਖਣ ਤੇ ਕੱਢਣ ਦਾ ਅਧਿਕਾਰ ਕੰਪਨੀ ਦਾ ਆਪਣਾ ਹੈ। ਇਸ ਵਿਚ ਸਾਡਾ ਕੋਈ ਦਖ਼ਲ ਨਹੀਂ ਹੈ।