ਕਰਮਜੀਤ ਸਿੰਘ ਸਾਗਰ, ਧਨੌਲਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਪੱਧਰੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਬਲਾਕ ਪ੍ਰਧਾਨ ਬਲੋਰ ਸਿੰਘ ਛੰਨਾਂ ਦੀ ਨਿਗਰਾਨੀ ਹੇਠ ਗੁਰਦੁਆਰਾ ਸਾਹਿਬ ਪੱਤੀ ਬੰਗੇਹਰ ਧਨੌਲਾ ਵਿਖੇ ਹੋਈ। ਇਸ 'ਚ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲੋਰ ਸਿੰਘ ਛੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਕਿਸਾਨਾਂ 'ਤੇ ਪਰਾਲੀ ਨੂੰ ਅੱਗ ਲਾਉਣ 'ਤੇ ਗਿ੍ਰਫ਼ਤਾਰੀਆਂ, ਪਰਚੇ, ਜੁਰਮਾਨੇ, ਲਾਲ ਸਿਆਹੀ ਇੰਦਰਾਜ (ਰੈਡ ਐਂਟਰੀ) ਹੋਏ ਹਨ। ਉਨ੍ਹਾਂ ਦਾ ਮੁੱਖ ਕਾਰਨ ਹੈ ਕਿ ਗ੍ਰੀਨ ਟਿ੍ਰਬਿਊਨਲ ਦੀਆਂ ਸਰਤਾਂ ਮੁਤਾਬਕ ਕਿਸਾਨਾਂ ਨੂੰ ਸਹੀ ਸਮੇਂ ਸਿਰ ਕਣਕ ਨੂੰ ਬੀਜਣ ਵਾਲੀ ਮਸ਼ੀਨਰੀ ਨਾ ਦੇਣਾ, ਦੂਸਰਾ ਕਾਰਨ ਪਰਾਲੀ ਨਾ ਫੂਕਣ ਵਾਲੇ ਕਿਸਾਨਾਂ ਨੂੰ 2500 ਰੁਪਏ ਦੇਣ ਵਾਲੇ ਮੁਆਵਜ਼ੇ ਦਾ ਐਲਾਨ ਸਮੇਂ ਸਿਰ ਨਾ ਕਰਨਾ, ਜੇਕਰ ਸਰਕਾਰ ਇਹ ਐਲਾਨ ਝੋਨੇ ਦੀ ਕਟਾਈ ਦੇ ਸੀਜ਼ਨ ਤੋਂ ਪਹਿਲਾਂ ਕਰ ਦਿੰਦੀ ਤਾਂ ਪਰਾਲੀ ਨੂੰ ਅੱਗ ਨਹੀਂ ਲੱਗਣੀ ਸੀ। ਉਨ੍ਹਾਂ ਸੰਬੋਧਨ ਕਰਦਿਆਂ ਸਮੂਹ ਕਿਸਾਨਾਂ, ਮਜ਼ਦੂਰਾਂ ਤੇ ਅੌਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ 25 ਨਵੰਬਰ ਨੂੰ ਡੀਐੱਸਪੀ ਬਰਨਾਲਾ, ਤਪਾ ਮੰਡੀ ਤੇ ਮਹਿਲਕਲਾਂ ਦੇ ਦਫ਼ਤਰਾਂ ਮੂਹਰੇ ਪਹੁੰਚਣ ਤਾਂ ਕਿ ਕਿਸਾਨਾਂ ਨਾਲ ਹੋ ਰਹੇ ਜਬਰ ਦਾ ਮੂੰਹ ਤੋੜ ਜਵਾਬ ਦੇ ਸਕੀਏ। ਬਲਾਕ ਕਿਸਾਨ ਆਗੂਆਂ ਜਰਨੈਲ ਸਿੰਘ ਬਦਰਾ, ਬੁੱਕਣ ਸਿੰਘ ਸੱਦੋਵਾਲ, ਭਗਤ ਸਿੰਘ ਛੰਨ੍ਹਾਂ, ਰੂਪ ਸਿੰਘ ਛੰਨ੍ਹਾਂ, ਹਰਜੀਤ ਦੀਵਾਨਾ ਮਹਿਲ ਕਲਾਂ, ਸੁਖਦੇਵ ਸਿੰਘ ਭੋਤਨਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਦਾ ਵੀ ਸਰਕਾਰ ਕੋਈ ਠੋਸ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਅਵਾਰਾ ਪਸ਼ੂਆਂ ਦੇ ਸੜਕਾਂ 'ਤੇ ਫਿਰਨ ਕਰਕੇ ਹਰ ਰੋਜ਼ ਦੁਰਘਟਨਾਵਾਂ ਵਾਪਰ ਰਹੀਆਂ ਹਨ ਤੇ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ। ਇਸ ਮੌਕੇ ਬਲਦੇਵ ਸਿੰਘ ਬਡਬਰ, ਦਰਸ਼ਨ ਸਿੰਘ ਚੀਮਾ, ਬਲਵਿੰਦਰ ਸਿੰਘ ਕਾਲਾਬੂਲਾ, ਮਲਕੀਤ ਸਿੰਘ ਹੇੜੀ ਆਦਿ ਮੌਜੂਦ ਸਨ।