ਬਲਜੀਤ ਸਿੰਘ ਟਿੱਬਾ, ਸੰਗਰੂਰ : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਵੱਖ-ਵੱਖ ਢੰਗ-ਤਰੀਕੇ ਅਪਣਾਏ ਗਏ। ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤਕ ਖਿੱਚਣ ਲਈ ਸਾਰੀਆਂ ਹੀ ਰਾਜਨੀਤਕ ਧਿਰਾਂ ਨੇ ਜ਼ੋਰ ਲਗਾਇਆ ਅਤੇ ਪ੍ਰਸ਼ਾਸਨ ਨੇ ਵੀ ਵੱਖ-ਵੱਖ ਮਾਧਿਅਮਾਂ ਰਾਹੀਂ ਵੋਟਾਂ ਪਾਉਣ ਦੀ ਅਪੀਲ ਕੀਤੀ ਪਰ ਵੋਟਰ ਨੂੰ ਪੋਲਿੰਗ ਸਟੇਸ਼ਨਾਂ ਤਕ ਲੈ ਕੇ ਆਉਣ ਲਈ ਸਾਰੀਆਂ ਹੀ ਧਿਰਾਂ ਪੂਰੀ ਤਰ੍ਹਾਂ ਅਸਫਲ ਸਾਬਤ ਹੋਈਆਂ ਜਿਸ ਕਾਰਨ ਘੱਟ ਹੋਈ ਪੋਲਿੰਗ ਜ਼ਿਮਨੀ ਚੋਣ ਦਾ ਹੈਰਾਨੀਜਨਕ ਨਤੀਜਾ ਸਾਹਮਣੇ ਆਉਣ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ। ਸ਼ਾਮ 6 ਵਜੇ ਤਕ ਕੁੱਲ 36.40 ਫੀਸਦੀ ਪੋਲਿੰਗ ਹੋਈ ਜੋ 50 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।

ਵੀਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ 'ਚ ਵੋਟਰ ਵੋਟ ਪਾਉਣ ਨਹੀਂ ਗਏ ਅਤੇ ਪੋਲਿੰਗ ਸਟੇਸ਼ਨਾਂ 'ਤੇ ਸੰਨਾਟਾ ਪੱਸਰਿਆ ਰਿਹਾ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੋਟਰਾਂ ਵੱਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਤੋਂ ਬਾਅਦ ਜ਼ਿਮਨੀ ਚੋਣ ਵਿਚ ਵੋਟਰਾਂ ਦਾ ਹੁੰਗਾਰਾ ਬਿਲਕੁੱਲ ਮੱਧਮ ਰਿਹਾ। ਪਿਛਲੀ ਵਿਧਾਨ ਸਭਾ ਚੋਣ ਵਿਚ 72 ਫ਼ੀਸਦੀ ਵੋਟਿੰਗ ਹੋਈ ਸੀ, ਜਦਕਿ ਇਸ ਜ਼ਿਮਨੀ ਚੋਣ ਵਿਚ ਬਹੁਤ ਘੱਟ ਵੋਟ ਫੀਸਦੀ ਪੋਲ ਹੋਈ ਹੈ ਜਿਸ ਦੇ ਕਈ ਰਾਜਨੀਤਕ ਮਾਅਨੇ ਨਿਕਲਦੇ ਹਨ।

ਝੋਨੇ ਦਾ ਸੀਜ਼ਨ ਤੇ ਗਰਮ ਮੌਸਮ

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਵੋਟ ਫ਼ੀਸਦੀ ਘਟਣ ਦੇ ਬਹੁਤ ਸਾਰੇ ਕਾਰਨ ਹਨ। ਇਨ੍ਹਾਂ ਵਿੱਚੋਂ ਇਕ ਕਾਰਨ ਝੋਨੇ ਦੇ ਸੀਜ਼ਨ ਦਾ ਸਿਖ਼ਰ ਅਤੇ ਗਰਮ ਮੌਸਮ ਵੀ ਹੋ ਸਕਦਾ ਹੈ ਕਿਉਂਕਿ ਝੋਨੇ ਦਾ ਸੀਜ਼ਨ ਹੋਣ ਕਰਕੇ ਕਿਸਾਨ ਅਤੇ ਮਜ਼ਦੂਰ ਖੇਤਾਂ ਵਿਚ ਝੋਨਾ ਲਗਾਉਣ ਵਿਚ ਰੁੱਝੇ ਹੋਏ ਹਨ। ਪੰਜਾਬ ਵਿਚ ਗਰਮੀ ਵੀ ਜ਼ੋਰਾਂ 'ਤੇ ਹੈ ਜਿਸ ਕਾਰਨ ਜ਼ਿਆਦਾਤਰ ਸ਼ਹਿਰੀ ਵੋਟਰ ਘਰਾਂ ਵਿਚੋਂ ਹੀ ਨਹੀਂ ਨਿਕਲਿਆ।

'ਆਪ' ਪੱਖੀ ਵੋਟਰ ਤੇ ਸਮਰਥਕਾਂ 'ਚ ਨਿਰਾਸ਼ਤਾ

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ 'ਆਪ' ਵਰਕਰਾਂ ਦੀ ਨਿਰਾਸ਼ਤਾ ਵੀ ਘੱਟ ਵੋਟ ਫ਼ੀਸਦੀ ਹੋਣ ਦਾ ਕਾਰਨ ਮੰਨੀ ਜਾ ਸਕਦੀ ਹੈ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ 'ਆਪ' ਵਰਕਰਾਂ 'ਚ ਸਿਖ਼ਰ ਦਾ ਉਤਸ਼ਾਹ ਪਾਇਆ ਜਾ ਰਿਹਾ ਸੀ ਪਰ 'ਆਪ' ਸਰਕਾਰ ਵੱਲੋਂ ਵਰਕਰਾਂ ਦੀਆਂ ਉਮੀਦਾਂ 'ਤੇ ਖਰਾ ਨਾ ਉਤਰਨਾ ਉਨ੍ਹਾਂ 'ਚ ਨਿਰਾਸ਼ਤਾ ਪੈਦਾ ਕਰ ਗਿਆ ਹੈ ਜਿਸ ਕਾਰਨ 'ਆਪ' ਵਰਕਰ ਵੋਟ ਪਾਉਣ ਨਹੀਂ ਗਏ। ਪੰਜਾਬ ਦੇ ਲੋਕਾਂ ਨੇ ਅਕਾਲੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਤੋਂ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਪਰ 'ਆਪ' ਵੱਲੋਂ ਲੋਕਾਂ ਦੀਆਂ ਉਮੀਦਾਂ 'ਤੇ ਖ਼ਰਾ ਨਾ ਉੱਤਰਨ ਕਾਰਨ ਲੋਕਾਂ ਦਾ ਵੋਟਾਂ ਪਾਉਣ 'ਚ ਵਿਸ਼ਵਾਸ ਖ਼ਤਮ ਹੋ ਗਿਆ ਹੈ ਜਿਸ ਕਾਰਨ ਲੋਕ ਪੋਿਲੰਗ ਸਟੇਸ਼ਨਾਂ ਵੱਲ ਨਹੀਂ ਗਏ।

ਸਿੱਧੂ ਮੂਸੇਵਾਲੇ ਦਾ ਕਤਲ ਵੀ ਵੋਟਰਾਂ 'ਚ ਨਿਰਾਸ਼ਤਾ ਲਈ ਵੱਡਾ ਕਾਰਨ

ਜ਼ਿਮਨੀ ਚੋਣ 'ਚ ਵੋਟ ਫ਼ੀਸਦੀ ਘਟਣ ਦਾ ਕਾਰਨ ਬੀਤੇ ਦਿਨੀਂ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਕਾਰਨ ਨੌਜਵਾਨਾਂ 'ਚ ਸਰਕਾਰ ਦੇ ਖ਼ਿਲਾਫ਼ ਰੋਸ ਹੈ । ਸਿੱਧੂ ਮੂਸੇਵਾਲੇ ਦੇ ਕਤਲ ਤੋਂ ਨਿਰਾਸ਼ ਨੌਜਵਾਨ ਪੰਜਾਬ ਸਰਕਾਰ ਅਤੇ ਕਿਸੇ ਵੀ ਸਿਆਸੀ ਧਿਰ ਨੂੰ ਵੋਟ ਪਾਉਣ ਤੋਂ ਕਿਨਾਰਾ ਕੀਤਾ ਗਿਆ ਹੈ।