ਜੇਐੱਨਐੱਨ, ਸੰਗਰੂਰ : ਰੁਜ਼ਗਾਰ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੀ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਨੇ ਮੰਗਲਵਾਰ ਨੂੰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ 'ਚ ਮਹਾਵੀਰ ਚੌਕ 'ਚ ਧਰਨਾ ਲਗਾਇਆ। ਇਸ ਦੌਰਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਕੈਂਚੀਆਂ ਤਕ ਰੋਸ ਮਾਰਚ ਕਰ ਕੇ ਚੱਕਾ ਜਾਮ ਕੀਤਾ ਗਿਆ। ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਰੋਸ ਪ੍ਰਗਟਾਇਆ ਕਿ ਉਨ੍ਹਾਂ ਦੀਆਂ ਪੋਸਟਾਂ ਪ੍ਰਤੀ ਮਸਲੇ ਦੇ ਹੱਲ ਲਈ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਜਾਂ ਸਿੱਖਿਆ ਮੰਤਰੀ ਸਮੇਤ ਸਿੱਖਿਆ ਸਕੱਤਰ ਲਗਾਤਾਰ ਉਨ੍ਹਾਂ ਨੂੰ ਪੈਨਲ ਬੈਠਕਾਂ ਦਾ ਭਰੋਸਾ ਦਿਵਾ ਕੇ ਸਮਾਂ ਲੰਘਾ ਰਹੇ ਹਨ ਪਰ ਸਰਕਾਰ ਦੇ ਇਸ ਰਵੱਈਏ ਤੋਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਬੇਹੱਦ ਰੋਸ 'ਚ ਭਰੇ ਹਨ।

ਧਰਨੇ ਦੌਰਾਨ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਨੇ ਕਿਹਾ ਕਿ 8 ਅਕਤੂਬਰ 2020 ਨੂੰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਣ ਕੁਮਾਰ ਨਾਲ ਪੈਨਲ ਬੈਠਕ ਕੀਤੀ ਗਈ ਸੀ। ਬੈਠਕ 'ਚ ਉਨ੍ਹਾਂ ਨੇ ਦੋ ਮਹੀਨੇ ਦੇ ਅੰਦਰ ਪੋਸਟਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਵਾਅਦਾ ਪੂਰਾ ਨਾ ਹੋਇਆ। 25 ਅਕਤੂਬਰ ਨੂੰ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਚੰਡੀਗੜ੍ਹ 'ਚ ਪੋਸਟਾਂ ਬਾਰੇ ਕਾਰਵਾਈ ਦਾ ਪਤਾ ਕੀਤਾ ਤਾਂ ਕਿਸੇ ਨੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਇਸਤੋਂ ਬਾਅਦ 18 ਨਵੰਬਰ ਨੂੰ ਫਿਰ ਚੰਡੀਗੜ੍ਹ ਜਾ ਕੇ ਪੱਤਰ ਦਿੱਤਾ ਗਿਆ, ਪਰ ਫਿਰ ਵੀ ਕੋਈ ਜਵਾਬ ਨਹੀਂ ਮਿਲਿਆ। ਸਰਕਾਰ ਦੇ ਇਸ ਰਵੱਈਏ ਤੋਂ ਪਰੇਸ਼ਾਨ ਹੋ ਕੇ ਹੀ ਅੱਜ ਦੁਬਾਰਾ ਸੰਘਰਸ਼ ਲਈ ਸੜਕਾਂ 'ਤੇ ਉਤਰਨਾ ਪਿਆ। ਉਨ੍ਹਾਂ ਨੇ ਪ੍ਰਾਇਮਰੀ ਸਕੂਲਾਂ 'ਚ ਪੀਟੀਆਈ ਅਧਿਆਪਕਾਂ ਨੂੰ ਰੱਖਣ ਦੀ ਮੰਗ ਕੀਤੀ। ਉਨ੍ਹਾਂ ਨੇ ਜਾਂ ਤਾਂ ਰੁਜ਼ਗਾਰ ਦਿਓ, ਨਹੀਂ ਤਾਂ ਗੋਲੀ ਮਾਰ ਦਿਓ ਦੇ ਨਾਅਰੇ ਲਗਾਏ। ਬਰਨਾਲਾ ਕੈਂਚੀਆਂ 'ਚ ਰੋਸ ਪ੍ਰਗਟ ਕਰਨ ਤੋਂ ਬਾਅਦ 8 ਬੇਰੁਜ਼ਗਾਰ ਅਧਿਆਪਕ ਸਿਵਲ ਹਸਪਤਾਲ 'ਚ ਮੌਜੂਦ ਪਾਣੀ ਵਾਲੀ ਟੈਂਕੀ 'ਤੇ ਜਾ ਚੜੇ। ਜਿਥੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਯੂਨੀਅਨ ਕਾਰਜਕਰਤਾ, ਅਮਨਦੀਪ ਕੰਬੋਜ, ਅਮਨਦੀਪ ਕੌਰ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਮਨਕੀਤ ਕੌਰ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

Posted By: Ramanjit Kaur