ਬਲਜਿੰਦਰ ਮਿੱਠਾ, ਸੰਗਰੂਰ :

ਅੱਜ ਬਾਅਦ ਦੁਪਹਿਰ ਰਣਬੀਰ ਕਾਲਜ ਰੋਡ 'ਤੇ ਬਣੇ ਰਾਇਲ ਫੀਲਡ ਸ਼ੋਅ ਰੂਮ ਦੇ ਸਾਹਮਣੇ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੇ ਦੋ ਵਿਅਕਤੀਆਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਥਾਣਾ ਸਿਟੀ ਗੁਰਵੀਰ ਸਿੰਘ ਨੇ ਦੱਸਿਆ ਕਿ ਅਮਨਪ੍ਰਰੀਤ ਸਿੰਘ ਨਿਵਾਸੀ ਭਲਵਾਨ ਤੇ ਉਸ ਦਾ ਦੂਜਾ ਸਾਥੀ ਪਵਨਦੀਪ ਸਿੰਘ ਨਿਵਾਸੀ ਭਵਾਨੀਗੜ੍ਹ ਆਪਣੀ ਗੱਡੀ ਸਕਾਰਪੀਓ 'ਚ ਸਾਥੀਆਂ ਸਮੇਤ ਦਿੱਲੀ ਰੋਸ ਧਰਨੇ 'ਤੇ ਜਾ ਰਹੇ ਸੀ, ਪਰ ਐੱਮਐੱਲਏ ਧੂਰੀ ਦਲਵੀਰ ਸਿੰਘ ਗੋਲਡੀ ਦੇ ਅੱਗੇ ਲੰਘਣ ਕਾਰਨ ਏਨਾਂ ਨੇ ਰੋਸ ਧਰਨੇ 'ਤੇ ਨਾ ਜਾਣ ਦਾ ਮਨ ਬਣਾ ਲਿਆ ਤੇ ਉਹ ਆਪਣੇ ਸਾਥੀ ਨੂੰ ਸੰਗਰੂਰ ਛੱਡਣ ਲਈ ਜਾ ਰਹੇ ਸੀ। ਅਚਾਨਕ ਉਨ੍ਹਾਂ ਦੀ ਗੱਡੀ ਮੂਹਰੇ ਗੱਡੀ ਲਾ ਕੇ ਕੁੱਝ ਵਿਅਕਤੀਆਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਰੋੜੇ ਮਾਰੇ ਤਾਂ ਉਨ੍ਹਾਂ ਵੱਲ ਬਾਰਾਂ ਬੋਰ ਬੰਦੂਕ ਦਾ ਫਾਇਰ ਕਰ ਦਿੱਤਾ, ਜੋ ਕਿ ਅਮਨਪ੍ਰਰੀਤ ਦੀਆਂ ਲੱਤਾਂ 'ਚ ਜਾ ਵੱਜਿਆ ਅਤੇ ਦੂਜੇ ਸਾਥੀ ਦੇ ਛੱਰ੍ਹੇ ਪੈਰਾਂ 'ਚ ਜਾ ਲੱਗੇ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ 'ਚ ਲਿਆਂਦਾ ਗਿਆ। ਡਾਕਟਰਾਂ ਨੇ ਇਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ।

ਐੱਸਐੱਚਓ ਥਾਣਾ ਸਿਟੀ ਨੇ ਦੱਸਿਆ ਕਿ ਘਟਨਾ ਬਾਰੇ ਅਜੇ ਉਹ ਕੁੱਝ ਨਹੀਂ ਦੱਸ ਸਕਦੇ ਕਿਉਂਕਿ ਪੁਲਿਸ ਪਾਰਟੀ ਅਜੇ ਜ਼ਖ਼ਮੀਆਂ ਦੇ ਬਿਆਨ ਲੈਣ ਪਟਿਆਲਾ ਗਈ ਹੋਈ ਹੈ।