ਗੁਰਜੀਤ ਸਿੰਘ ਧੌਂਸੀ, ਦਿੜ੍ਹਬਾ ਮੰਡੀ : ਸਥਾਨਕ ਸ਼ਹਿਰ ਅੰਦਰ ਬਾਬਾ ਜੀਵਨ ਸਿੰਘ ਗੁਰੂ ਘਰ, ਸ਼ੀਤਲਾ ਮਾਤਾ ਮੰਦਰ, ਸਰਕਾਰੀ ਸਕੂਲ ਨਗਰ ਪੰਚਾਇਤ ਕਮੇਟੀ ਦਫ਼ਤਰ, ਸਰਕਾਰ ਪਸ਼ੂ ਹਸਪਤਾਲ ਨੂੰ ਜਾਂਦੀ ਸੜਕ 'ਤੇ ਦੋ-ਦੋ ਫੁੱਟ ਪਾਣੀ ਖੜ੍ਹਨ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਾਣੀ ਵਿੱਚ ਦੀ ਲੰਘ ਕੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਗਰ ਪੰਚਾਇਤ ਕਮੇਟੀ ਆਪਣੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ।

ਇੱਥੇ ਜ਼ਿਕਰਯੋਗ ਹੈ ਕਿ ਬਾਬਾ ਜੀਵਨ ਸਿੰਘ ਗੁਰੂ ਘਰ ਤੇ ਮਾਤਾ ਸ਼ੀਤਲਾ ਮਾਤਾ ਮੰਦਰ ਦੇ ਮੁਹਰੇ ਦੋ-ਦੋ ਫੁੱਟ ਪਾਣੀ ਖੜ੍ਹਨ ਨਾਲ ਅਤੇ ਲੋਕਾਂ ਦੇ ਘਰਾਂ 'ਚ ਪਾਣੀ ਵੜਨ ਕਾਰਨ ਵਾਰਡ ਨਿਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਕਮੇਟੀ ਮੂਕ ਦਰਸ਼ਕ ਬਣ ਕੇ ਸਭ ਕੁੱਝ ਦੇਖ ਰਹੀ ਹੈ।

ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਾਬਾ ਜੀਵਨ ਸਿੰਘ ਗੁਰੂ ਘਰ ਦੇ ਮੁੱਖ ਸੇਵਾਦਾਰ ਜਥੇਦਾਰ ਭੋਲਾ ਸਿੰਘ ਨੇ ਕਿਹਾ ਕਿ ਸਾਡੇ ਗੁਰੂ ਘਰ ਅੰਦਰ ਦੋ ਫੁੱਟ ਗੰਦਾ ਪਾਣੀ ਖੜ੍ਹਾ ਹੈ ਪਰ ਜਦੋਂ ਅਸੀਂ ਇਸ ਪਾਣੀ ਦੇ ਖੜ੍ਹਨ ਬਾਰੇ ਨਗਰ ਪੰਚਾਇਤ ਕਮੇਟੀ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਵੀ ਸਾਡੀ ਗੱਲ ਧਿਆਨ ਨਾਲ ਨਹੀਂ ਸੁਣੀ। ਜਿਸ ਕਾਰਨ ਵਾਰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

-----------

ਜਦੋਂ ਇਸ ਸਬੰਧੀ ਨਗਰ ਪੰਚਾਇਤ ਕਮੇਟੀ ਦੇ ਪ੍ਰਧਾਨ ਬਿੱਟੂ ਖ਼ਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇੱਕ-ਦੋ ਦਿਨਾਂ ਵਿੱਚ ਇਸ ਦਾ ਤੇ ਸੀਵਰੇਜ ਪਾ ਕੇ ਇਸ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ ਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।