ਪਰਦੀਪ ਸਿੰਘ ਕਸਬਾ, ਸੰਗਰੂਰ : ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਨਾਲ ਦੋ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 136 ਹੋ ਗਈ ਹੈ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ 32 ਕੋਰੋਨਾ ਦੇ ਮਾਮਲੇ ਨਵੇਂ ਆਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 3338 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ 60 ਸਾਲਾ ਵਿਅਕਤੀ ਦੀ ਅਰੋੜਾ ਹਸਪਤਾਲ ਲੁਧਿਆਣਾ ਅਤੇ ਸੰਗਰੂਰ ਦੇ 80 ਸਾਲਾ ਵਿਅਕਤੀ ਦੀ ਰਹਿਬਰ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ ਹੈ। ਜ਼ਿਲ੍ਹੇ ਦੇ ਬਲਾਕ ਸੰਗਰੂਰ ਵਿੱਚ ਛੇ, ਲੌਂਗੋਵਾਲ ਵਿੱਚ ਚਾਰ, ਅਮਰਗੜ੍ਹ ਵਿੱਚ ਦੋ, ਸੁਨਾਮ ਵਿੱਚ ਅੱਠ, ਧੂੁਰੀ ਵਿੱਚ ਤਿੰਨ, ਮੂਣਕ ਵਿੱਚ ਦੋ, ਭਵਾਨੀਗੜ੍ਹ ਵਿੱਚ ਦੋ, ਅਹਿਮਦਗੜ੍ਹ ਵਿੱਚ ਇੱਕ, ਮਾਲੇਰਕੋਟਲਾ ਵਿੱਚ ਦੋ ਅਤੇ ਫਤਿਹਗੜ੍ਹ ਪੰਜਗਰਾਂਈਆਂ ਵਿੱਚ ਦੋ ਨਵੇਂ ਕੋਰੋਨਾ ਲਾਗ ਦੇ ਮਰੀਜ਼ ਆਉਣ ਨਾਲ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 432 ਹੋ ਗਈ ਹੈ।

ਅੱਜ ਵੱਡੀ ਰਾਹਤ ਵਾਲੀ ਖ਼ਬਰ ਆਈ ਜਦੋਂ ਮਿਸ਼ਨ ਫਤਿਹ ਤਹਿਤ 57 ਪਾਜ਼ੇਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ।

ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ 'ਚੋਂ 5 ਮਰੀਜ਼ ਮਾਲੇਰਕੋਟਲਾ ਤੋਂ ਅਤੇ 52 ਮਰੀਜ਼ ਹੋਮਆਈਸੋਲੇਸ਼ਨ ਤੋਂ ਛੁੱਟੀ ਮਿਲਣ ਤੋਂ ਬਾਅਦ ਆਪੋ-ਆਪਣੇ ਘਰ ਪਰਤੇ ਹਨ।

ਮਿਸ਼ਨ ਫ਼ਤਿਹ ਤਹਿਤ ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੀਆਂ ਹਦਾਇਤਾਂ ਅਤੇ ਐੱਸਐੱਮਓ ਡਾ. ਸੰਜੇ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀੜ ਅਹਿਮਦਾਬਾਦ, ਭਸੌੜ, ਰਟੋਲਾਂ, ਬਿੰਜੋਕੀ ਅਤੇ ਅਮਰਗੜ੍ਹ ਵਿਖੇ 60 ਵਿਅਕਤੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਸ ਤੋਂ ਇਲਾਵਾ ਸੀਐੱਚਸੀ ਦੇ ਮੁਲਾਜ਼ਮਾਂ ਨੇ ਵੀ ਆਪਣੇ ਸੈਂਪਲ ਦਿੱਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਨੋਡਲ ਅਫ਼ਸਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਅੱਜ ਸ਼ੱਕੀ ਵਿਅਕਤੀਆਂ ਦਾ ਕੋਰੋਨਾ ਟੈਸਟ ਸਿਹਤ ਵਿਭਾਗ ਦੀ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ 60 ਕੋਰੋਨਾ ਟੈਸਟ ਲਏ ਗਏ।