ਸ਼ੰਭੂ ਗੋਇਲ, ਲਹਿਰਾਗਾਗਾ : ਨੇੜਲੇ ਪਿੰਡ ਲੇਹਲ ਖੁਰਦ ਵਿਖੇ ਸ਼ਰਾਬ ਪੀਣ ਦੇ ਆਦੀ ਦੋ ਸਕੇ ਭਰਾਵਾਂ ਦੀ ਕੁਝ ਕੁ ਘੰਟਿਆਂ ਦੇ ਫਰਕ ਨਾਲ ਸ਼ੁੱਕਰਵਾਰ ਨੂੰ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਾਰਾ ਸਿੰਘ (47) ਅਤੇ ਮੁੰਦਰੀ ਸਿੰਘ (45) ਪੁੱਤਰ ਗੋਢੂ ਸਿੰਘ, ਜੋ ਹਰਿਆਣੇ ਦੀ ਦੇਸੀ ਸ਼ਰਾਬ ਪਿਛਲੇ ਕਈ ਦਿਨਾਂ ਤੋਂ ਪੀ ਰਹੇ ਸਨ। ਪਿੰਡ ਵਾਸੀਆਂ ਮੁਤਾਬਕ ਇਸ ਮਾੜੀ ਸ਼ਰਾਬ ਨੂੰ ਕੁਝ ਦਿਨ ਲਗਾਤਾਰ ਪੀਣ ਨਾਲ ਗੁਰਦੇ ਖਰਾਬ ਹੋ ਜਾਂਦੇ ਹਨ। ਇਨ੍ਹਾਂ ਸਕੇ ਭਰਾਵਾਂ ਨਾਲ ਵੀ ਦੇਸੀ ਮਾੜੀ ਸ਼ਰਾਬ ਪੀਣ ਨਾਲ ਇਹ ਦੁਖਾਂਤ ਵਾਪਰਿਆ। ਇਨ੍ਹਾਂ ਸਕੇ ਭਰਾਵਾਂ ਵਿਚੋਂ ਮੁੰਦਰੀ ਸਿੰਘ ਸਵੇਰੇ ਮਰ ਗਿਆ ਅਤੇ ਦਾਰਾ ਸਿੰਘ ਸ਼ਾਮ ਨੂੰ ਰੱਬ ਨੂੰ ਪਿਆਰਾ ਹੋ ਗਿਆ। ਇਕੋ ਦਿਨ ਹੋਈਆਂ ਮੌਤਾਂ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨਸ਼ੇ ਖਤਮ ਕਰਨ ਦੇ ਜਿੰਨੇ ਮਰਜ਼ੀ ਖੋਖਲੇ ਦਾਅਵੇ ਕਰ ਲਵੇ ਪਰ ਅਸਲੀਅਤ ਕੋਹਾਂ ਦੂਰ ਹੈ। ਇਸ ਹਲਕੇ ਦੇ ਕਈ ਪਿੰਡਾਂ ਵਿਚ ਹਰਿਆਣਾ ਵਾਲੀ ਦੇਸੀ ਸ਼ਰਾਬ ਦੀ ਬੇਸ਼ੱਕ ਗੱਡੀ ਭਰ ਲਓ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਿਆਣਾ ਨਾਲ ਲੱਗਦੇ ਇਨ੍ਹਾਂ ਪਿੰਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ।