ਬੂਟਾ ਸਿੰਘ ਚੌਹਾਨ, ਰਜੇਸ਼ ਬਾਂਸਲ, ਸੰਗਰੂਰ : ਅੱਜ ਮਾਸੂਮ ਫ਼ਤਹਿਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਘਟਨਾ ਦਾ ਹਰ ਵਿਅਕਤੀ ਨੂੰ ਦੁੱਖ ਹੈ ਅਤੇ ਦੁਨੀਆ ਭਰ ਵਿਚ ਬੈਠੇ ਲੋਕਾਂ ਨੇ ਇਸ ਘਟਨਾ ਦਾ ਬੇਹੱਦ ਅਫ਼ਸੋਸ ਪ੍ਰਗਟ ਕੀਤਾ ਹੈ ਅਤੇ ਇਸ ਘਟਨਾ ਤੋਂ ਬਾਅਦ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾਕ੍ਮ ਦੌਰਾਨ ਜੋ ਕਮੀਆਂ ਰਹੀਆਂ ਅਤੇ ਅਣਗਹਿਲੀਆਂ ਹੋਈਆਂ ਹਨ, ਉਨ੍ਹਾਂ ਦੀ ਜਾਂਚ ਕਰਕੇ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਕਿਸਮ ਦੀ ਘਟਨਾ ਨਾ ਵਾਪਰੇ। ਇਸ ਤੋਂ ਬਚਾਅ ਲਈ ਸਮੇਂ ਦੀ ਸਰਕਾਰ ਨੂੰ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚਾਹੇ ਸਰਕਾਰ ਵੱਲੋਂ ਫ਼ਤਹਿਵੀਰ ਦੀ ਯਾਦ ਵਿਚ ਉਸ ਦੇ ਘਰ ਨੂੰ ਜਾਂਦੀ ਸੜਕ ਦਾ ਨਾਂਅ ਫ਼ਤਹਿਵੀਰ ਮਾਰਗ ਰੱਖ ਦਿੱਤਾ ਗਿਆ ਹੈ ਪਰ ਸਿਰਫ ਸੜਕ ਦਾ ਨਾਂਅ ਰੱਖਣ ਨਾਲ ਸਰਕਾਰ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਹੁੰਦੀ। ਇਸ ਦੇ ਨਾਲ-ਨਾਲ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਆਉਣ ਵਾਲੇ ਵਿਧਾਨ ਸਭਾ ਦੇ ਸ਼ੈਸ਼ਨ ਵਿਚ ਚੁੱਕਿਆ ਜਾਵੇਗਾ ਤਾਂ ਜੋ ਫ਼ਤਹਿਵੀਰ ਸਿੰਘ ਨੂੰ ਇਨਸਾਫ ਮਿਲ ਸਕੇ।