ਰਾਜਪਾਲ ਸਿੰਗਲਾ, ਮੂਨਕ :

ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੂਨਕ (ਸੰਗਰੂਰ) ਵਿੱਚ ਭਾਰਤ ਦੀਆਂ ਕੋਲਾ ਖਾਣਾ ਦੀਆਂ ਟਰੇਡ ਯੂਨੀਅਨਾਂ ਦੇ ਦਿੱਤੇ ਹੜਤਾਲ ਦੇ ਸੱਦੇ 'ਤੇ ਹਮਾਇਤ 'ਚ ਮੂਨਕ 'ਚ ਮੁਜ਼ਾਹਰਾ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਧਰਮਿੰਦਰ ਸਿੰਘ ਪਸ਼ੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਗੋਪੀ ਕੱਲਰ ਭੈਣੀ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਹੁਸ਼ਿਆਰ ਸਲੇਮਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ ਦੀ ਪੁਕਟਾ ਜੱਥੇਬੰਦੀ ਦੇ ਦਿਲਬਾਗ ਸਿੰਘ ਨੇ ਦੱਸਿਆ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਦੀ ਆੜ 'ਚ ਲੋਕਾਂ 'ਤੇ ਫਿਰਕੂ ਫਾਸੀ ਅਤੇ ਆਰਥਿਕ ਹੱਲਾ ਤੇਜ਼ ਕੀਤਾ ਹੈ। ਲਾਕਡਾਊਨ ਕਾਰਨ ਮੁਲਕ ਦੀ ਕਿਰਤੀ ਜਮਾਤ ਤੇ ਮੁਸ਼ੀਬਤਾਂ ਦੇ ਪਹਾੜ ਟੁੱਟੇ ਹਨ ਸਨਅਤੀ ਕਾਮਿਆਂ ਨੂੰ ਰਾਹਤ ਦੇਣ ਦੀ ਬਜਾਏ ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਗਈਆਂ ਹਨ। ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਪਾਸ ਕੀਤੇ ਗਏ ਹਨ।

ਜੱਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਲਏ ਗਏ ਇਹ ਲੋਕ ਵਿਰੋਧੀ ਫ਼ੈਸਲੇ ਅਤੇ ਕਾਨੂੰਨ ਰੱਦ ਕੀਤੇ ਜਾਣ ਅਤੇ ਲੋਕ ਸਹੂਲਤ ਦੇ ਅਦਾਰਿਆਂ ਨੂੰ ਮੁਨਾਫੇ ਦਾ ਸੌਦਾ ਨਾ ਸਮਝ ਕੇ ਲੋਕ ਸਹੂਲਤਾਂ ਲਈ ਵਰਤਿਆ ਜਾਵੇ ਅਤੇ ਨਾਲ ਹੀ ਮੰਗ ਕੀਤੀ ਕਿ ਕਿਰਤ ਕਾਨੂੰਨਾਂ 'ਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ, ਕੋਲਾ ਖਾਣਾਂ, ਪੁਲਾੜ ਰੱਖਿਆ ਅਤੇ ਹਵਾਬਾਜ਼ੀ ਵਰਗੇ ਅਹਿਮ ਸੈਕਟਰਾਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ, ਮਜ਼ਦੂਰ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਰੱਦ ਕੀਤੇ ਜਾਣ, ਬਿਜਲੀ ਸੋਧ ਐਕਟ 2020 ਰੱਦ ਕੀਤਾ ਜਾਵੇ, ਸਰਮਾਏਦਾਰਾਂ ਦੀ ਬਜਾਏ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜੇਸ ਕੁਮਾਰ, ਬੋਬੀ ਸਰਮਾ, ਰੋਹਿਤ, ਜੱਸ, ਕੁਲਵਿੰਦਰ, ਪੁਸ਼ਪਿੰਦਰ, ਗਗਨ, ਸੁਖਦੇਵ ਕੜੈਲ, ਕਰਨੈਲ, ਹਰਭਗਵਾਨ ਅਤੇ ਛੱਜੂ ਸ਼ਰਮਾ ਵੀ ਹਾਜ਼ਰ ਸਨ।