ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਸਥਾਨਕ ਸ਼ਹਿਰ ਨੇੜਲੇ ਪਿੰਡ ਕਾਲਾਝਾੜ ਵਿਖੇ ਨੈਸ਼ਨਲ ਹਾਈਵੇ ਨੰਬਰ-7 'ਤੇ ਟੋਲ ਪਲਾਜ਼ਾ ਵਰਕਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਸ਼ਾਂਤਮਈ ਢੰਗ ਨਾਲ ਪਿਛਲੇ 6 ਦਿਨਾਂ ਤੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਰੋਸ ਧਰਨੇ ਨੂੰ ਹੋਰ ਤਿੱਖਾ ਕਰਦਿਆਂ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਨੂੰ ਜਾਰੀ ਰੱਖਦੇ ਹੋਏ 5 ਵਰਕਰ ਅੱਜ ਭੁੱਖ ਹੜਤਾਲ 'ਤੇ ਬੈਠ ਗਏ। ਟੋਲ ਪਲਾਜ਼ਾ ਵਰਕਰਾਂ ਦੀ ਹਮਾਇਤ ਲਈ ਆਏ ਸੀਨੀਅਰ ਅਕਾਲੀ ਆਗੂ ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਆਪਣੇ ਸੰਬੋਧਨ 'ਚ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕਰਨ 'ਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਕਥਿਤ ਤੌਰ 'ਤੇ ਮੈਨੇਜਮੈਂਟ ਨਾਲ ਮਿਲੀ ਭੁਗਤ ਨਾਲ ਜਾਅਲੀ ਕਰੰਸੀ ਦੇ ਮੁੱਦੇ ਨੂੰ ਦਬਾਉਣ ਲਈ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਕਿ ਸੰਘਰਸ਼ ਕਰ ਰਹੇ ਟੋਲ ਪਲਾਜ਼ਾ ਵਰਕਰਾਂ 'ਤੇ ਦਰਜ ਕੀਤੇ ਮੁਕੱਦਮੇ ਤੁਰੰਤ ਖਾਰਿਜ ਕੀਤੇ ਜਾਣ ਅਤੇ ਟੋਲ ਪਲਾਜ਼ਾ ਵਰਕਰਾਂ ਨੂੰ ਜਾਅਲੀ ਕਰੰਸੀ ਚਲਾਉਣ ਲਈ ਮਜ਼ਬੂਰ ਕਰਨ ਵਾਲੇ ਅਧਿਕਾਰੀਆਂ ਤੇ ਵਰਕਰਾਂ 'ਚੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣ। ਦਰਸ਼ਨ ਸਿੰਘ ਲਾਡੀ ਸੂਬਾ ਮੀਤ ਪ੍ਰਧਾਨ ਟੋਲ ਪਲਾਜਾ ਵਰਕਰ ਯੂਨੀਅਨ ਅਤੇ ਦਵਿੰਦਰਪਾਲ ਸਿੰਘ ਸਥਾਨਕ ਪ੍ਰਧਾਨ ਟੋਲ ਪਲਾਜਾ ਵਰਕਰ ਯੂਨੀਅਨ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਵਰਕਰ ਪੂਰੇ ਪਰਿਵਾਰਾਂ ਸਮੇਤ ਮਰਨ ਵਰਤ 'ਤੇ ਬੈਠ ਕੇ ਸ਼ਾਂਤਮਈ ਢੰਗ ਨਾਲ ਰੋਸ ਧਰਨਾ ਦੇਣਗੇ।

ਇਸ ਮੌਕੇ ਗੁਰਧਿਆਨ ਸਿੰਘ, ਦਮਨ ਸਿੰਘ, ਸਿਤਾਰ ਖ਼ਾਨ, ਗੁਰਸਵੇਕ ਸਿੰਘ, ਦਵਿੰਦਰਪਾਲ ਸਿੰਘ ਵੀ ਮੌਜੂਦ ਸਨ।