ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਪਾਵਰਕਾਮ ਦਾ ਦਿੜ੍ਹਬਾ ਦਿਹਾਤੀ ਸਬ ਡਿਵੀਜ਼ਨ ਦੀ ਜੇਈ ਵੱਲੋਂ ਪ੍ਰਾਈਵੇਟ ਕਰਿੰਦੇ ਰਾਹੀਂ ਟਰਾਂਸਫਾਰਮਰ ਵੱਡਾ ਕਰਨ ਲਈ ਮੰਗੇ ਗਏ 4 ਹਜ਼ਾਰ ਰੁਪਏ ’ਚੋਂ 3 ਹਜ਼ਾਰ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ’ਚ ਬਰਾਮਦ ਕੀਤੇ ਗਏ ਹਨ। ਪਿੰਡ ਜਨਾਲ ਦੇ ਕਿਸਾਨ ਰਾਮਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ’ਚ 16 ਕੇਵੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਸੀ। ਉਸ ਨੇ 25 ਕੇਵੀ ਦਾ ਟਰਾਂਸਫਾਰਮਰ ਰਖਵਾਉਣ ਲਈ ਸਾਰੀ ਕਾਰਵਾਈ ਪੂਰੀ ਕਰ ਦਿੱਤੀ ਸੀ ਪਰ ਜੇਈ ਪਰਮੀਤ ਕੌਰ ਉਸ ਨੂੰ ਟਰਾਂਸਫਾਰਮਰ ਰਿਲੀਜ਼ ਕਰਨ ’ਚ ਟਾਲ਼ਾ ਵੱਟ ਰਹੀ ਸੀ। ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਇਸ ਕਰਕੇ ਉਹ ਪਾਵਰਕਾਮ ਦੇ ਦਫ਼ਤਰ ਕਈ ਦਿਨਾਂ ਤੋਂ ਗੇੜੇ ਮਾਰ ਰਿਹਾ ਸੀ। ਸਵੇਰੇ ਉਹ ਜੇਈ ਦੇ ਦਫ਼ਤਰ ਆਇਆ ਅਤੇ ਜੇਈ ਨੇ ਇਕ ਘੰਟਾ ਹੋਰ ਬਾਹਰ ਉਡੀਕ ਕਰਨ ਲਈ ਕਿਹਾ। ਪਰ ਕੁਝ ਹੀ ਸਮੇਂ ਬਾਅਦ ਦਫ਼ਤਰ ’ਚੋਂ ਇਕ ਵਿਅਕਤੀ ਬਾਹਰ ਆਇਆ ਤੇ ਉਸ ਦੇ ਕੰਮ ਛੇਤੀ ਕਰਵਾਉਣ ਲਈ ਕਿਹਾ ਕਿ ਜੇਈ ਮੈਡਮ 4 ਹਜ਼ਾਰ ਰੁਪਏ ਮੰਗ ਰਹੀ ਹੈ ਅਤੇ ਉਸ ਦਾ ਕੰਮ ਹੁਣੇ ਹੀ ਕਰਵਾ ਦਿੱਤਾ ਜਾਵੇਗਾ। ਉਸ ਵੱਲੋਂ ਤਿੰਨ ਹਜ਼ਾਰ ਰੁਪਏ ਦੇਣ ਦੀ ਗੱਲ ਤੈਅ ਕੀਤੀ ਗਈ। ਰਾਮਦੀਪ ਸਿੰਘ ਨੇ ਪੰਜ-ਪੰਜ ਸੌ ਦੇ ਛੇ ਨੋਟ ਉਸ ਨੂੰ ਕੁਝ ਸਮੇਂ ਬਾਅਦ ਦੇ ਦਿੱਤੇ ਤੇ ਉਨ੍ਹਾਂ ਨੋਟਾਂ ਦੀ ਫੋਟੋ ਕਾਪੀ ਆਪਣੇ ਕੋਲ ਰੱਖ ਲਈ। ਉਸ ਨੇ ਸਾਰੀ ਕਹਾਣੀ ਐਕਸੀਅਨ ਮੁਨੀਸ਼ ਜਿੰਦਲ ਨੂੰ ਦੱਸੀ। ਐਕਸੀਅਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹ ਵਿਅਕਤੀ ਤੋਂ ਬਾਕੀ ਸਟਾਫ ਦੀ ਹਾਜ਼ਰੀ ਵਿਚ ਨੋਟ ਬਰਾਮਦ ਕੀਤੇ ਤੇ ਫੋਟੋ ਕਾਪੀ ਨਾਲ ਨੋਟਾਂ ਦੇ ਨੰਬਰ ਵੀ ਮਿਲਾਏ ਗਏ। ਰਾਮਦੀਪ ਸਿੰਘ ਨੇ ਕਿਹਾ ਕਿ ਇਸ ਸਾਰੀ ਕਾਰਵਾਈ ਦੀ ਵੀਡੀਓ ਮੁੱਖ ਮੰਤਰੀ ਦੇ ਨੰਬਰ ’ਤੇ ਭੇਜ ਦਿੱਤੀ ਗਈ ਹੈ। ਐਕਸੀਅਨ ਮੁਨੀਸ਼ ਜਿੰਦਲ ਨੇ ਕਿਹਾ ਕਿ ਜੇਈ ਖ਼ਿਲਾਫ਼ ਰਾਮਦੀਪ ਸਿੰਘ ਵੱਲੋਂ ਸ਼ਿਕਾਇਤ ਆਈ ਹੈ ਇਸ ਕਰਕੇ ਜੇਈ ਖ਼ਿਲਾਫ਼ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ।

ਰਿਸ਼ਵਤ ਮੰਗਣ ਦੇ ਦੋਸ਼ ’ਚ ਜੇਈ ਮੁਅੱਤਲ

ਸ਼ੁੱਕਰਵਾਰ ਸਵੇਰ ਤੋਂ ਹੀ ਜੇਈ ਪਰਨੀਤ ਕੌਰ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਸੀ। ਕਿਸਾਨ ਰਣਦੀਪ ਸਿੰਘ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਟਰਾਂਸਫਾਰਮਰ ਦੇਣ ਦੇ ਬਦਲੇ ਚਾਰ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਰਿਸ਼ਵਤ ਦੇ ਪੈਸੇ ਇਕ ਨਿੱਜੀ ਕਰਿੰਦੇ ਕੋਲੋਂ ਬਰਾਮਦ ਕੀਤੇ ਗਏ। ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਪਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ।

Posted By: Shubham Kumar