ਸੰਗਰੂਰ : ਸਿਹਤ ਵਿਭਾਗ ਵੱਲੋਂ ਭਾਵੇਂ ਸਵਾਈਨ ਫਲੂ ਤੋਂ ਸੁਚੇਤ ਕਰਨ ਲਈ ਵੱਖ-ਵੱਖ ਥਾਈਂ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ ਪਰ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਸਾਰਥਕ ਸਿੱਧ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਸਵਾਈਨ ਫਲੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਸਵਾਈਨ ਫਲੂ ਨਾਲ ਤਿੰਨ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ।

ਪਿੰਡ ਫੂਲ ਵਿਖੇ ਐਤਵਾਰ ਨੂੰ ਉਗਰ ਸਿੰਘ (54) ਬਿਜਲੀ ਮੁਲਾਜ਼ਮ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਗਰ ਸਿੰਘ ਪਿੰਡ ਮਹਿਰਾਜ ਵਿਖੇ ਹੋਏ ਕਰਜ਼ਾ ਮਾਫ਼ੀ ਸਮਾਗਮ ਦੌਰਾਨ ਮੀਂਹ 'ਚ ਡਿਊਟੀ ਕਰਦਾ ਰਿਹਾ, ਜਿਸ ਕਾਰਨ ਉਹ ਬਿਮਾਰ ਹੋ ਗਿਆ। ਪਹਿਲਾਂ ਉਸ ਦਾ ਬਠਿੰਡਾ ਦੇ ਇਕ ਪ੍ਾਈਵੇਟ ਹਸਪਤਾਲ 'ਚ ਇਲਾਜ ਕਰਵਾਇਆ ਗਿਆ ਪਰ ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਸਤਿਗੁਰੂ ਪ੍ਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਮਪੁਰਾ ਫੂਲ ਦਾ ਸਿਵਲ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ, ਜਿਥੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੇ ਪ੍ਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਨਾਲ ਜੂਝਣਾ ਪੈ ਰਿਹਾ ਹੈ।

ਇਸੇ ਤਰ੍ਹਾਂ ਸੰਗਰੂਰ ਦੇ ਅਹਿਮਦਗੜ੍ਹ ਵਿਖੇ ਐਤਵਾਰ ਨੂੰ ਦੋ ਲੋਕਾਂ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਚੰਡੀਗੜ੍ਹ ਦੇ ਹਸਪਤਾਲ ਵਿਚ ਦੋਵਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਉਧਰ ਸਿਹਤ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਵਿਭਾਗੀ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਰਿਪੋਰਟ ਹਾਸਲ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਸੁਨਿਆਰਾ ਮੁਹੱਲਾ ਵਾਸੀ ਨਰੇਸ਼ ਕੁਮਾਰ (52) ਪਿਛਲੇ ਇਕ ਹਫਤੇ ਤੋਂ ਬਿਮਾਰ ਸੀ, ਜਿਸ ਨੂੰ ਇਲਾਜ ਲਈ ਪਟਿਆਲਾ ਲਿਜਾਇਆ ਗਿਆ, ਜਿਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਚੰਡੀਗੜ੍ਹ ਵਿਖੇ ਸਵਾਈਨ ਫਲੂ ਕਾਰਨ ਉਸ ਦੀ ਮੌਤ ਹੋ ਗਈ। ਸੁਨਿਆਰਾ ਮੁਹੱਲੇ ਦੀ ਹੀ 45 ਸਾਲਾ ਅੰਜਲੀ ਵਰਮਾ ਦੀ ਵੀ ਸਵਾਈਨ ਫਲੂ ਨਾਲ ਮੌਤ ਹੋ ਗਈ।

ਇਸ ਸਬੰਧੀ ਜਦ ਸਿਵਲ ਹਸਪਤਾਲ ਅਹਿਮਦਗੜ੍ਹ ਦੀ ਐੱਸਐੱਮਓ ਪ੍ਤਿਭਾ ਸਾਹੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਕੋਲ ਉਕਤ ਮੌਤਾਂ ਸਬੰਧੀ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ, ਜਦਕਿ ਲੋਕਾਂ ਅਨੁਸਾਰ ਦੋਵਾਂ ਦੀ ਮੌਤ ਸਵਾਈਨ ਫਲੂ ਨਾਲ ਹੋਈ ਦੱਸੀ ਜਾ ਰਹੀ ਹੈ।