ਸ਼ੰਭੂ ਗੋਇਲ, ਲਹਿਰਾਗਾਗਾ : ਪਾਵਰਕਾਮ ਦੀ ਪ੍ਰਮੁੱਖ ਜਥੇਬੰਦੀ ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਸ਼ੇਰਗਿੱਲ ਦੀ ਸਿਆਸੀ ਆਧਾਰ ਤੇ ਕੀਤੀ ਗਈ ਨਾਜਾਇਜ਼ ਬਦਲੀ ਵਿਰੁੱਧ ਮੰਡਲ ਦਫ਼ਤਰ ਲਹਿਰਾਗਾਗਾ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਰੋਸ ਮੁਜ਼ਾਹਰੇ 'ਚ ਸੂਬਾ ਆਗੂ ਦਵਿੰਦਰ ਸਿੰਘ ਪਿਸ਼ੌਰ ਤੇ ਸਰਕਲ ਪ੍ਰਧਾਨ ਸੰਗਰੂਰ ਜਸਵਿੰਦਰ ਸਿੰਘ ਜੱਸਾ ਪਸ਼ੌਰ ਨੇ ਕਿਹਾ ਪਾਵਰਕਾਮ ਦੀ ਘਟੀਆ ਮੈਨੇਜਮੈਂਟ ਨੇ ਸਾਡੀ ਜਥੇਬੰਦੀ ਵੱਲੋਂ ਜੀਓ ਦੇ ਸਿਮ ਦਾ ਵਿਰੋਧ ਕਰਨ ਤੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਤੇ ਸੂਬਾ ਪ੍ਰਧਾਨ ਦੀ ਬਦਲੀ ਸਿਆਸੀ ਦਬਾਅ ਹੇਠ ਆ ਕੇ ਕਰ ਦਿੱਤੀ ਹੈ, ਜਿਸ ਦਾ ਖਮਿਆਜ਼ਾ ਮੈਨੇਜਮੈਂਟ ਨੂੰ ਭੁਗਤਣਾ ਪਵੇਗਾ। ਕਿਉਂਕਿ ਇਸ ਬਦਲੀ ਕਾਰਨ ਸਮੁੱਚੇ ਪੰਜਾਬ 'ਚ ਆਈਟੀਆਈ ਹੋਲਡਰ ਸਾਥੀਆਂ 'ਚ ਮੈਨੇਜਮੈਂਟ ਦੇ ਖ਼ਿਲਾਫ਼ ਗੁੱਸੇ ਦੀ ਲਹਿਰ ਦੌੜ ਗਈ ਹੈ, ਜਿਸ ਦੇ ਰੋਸ ਵਜੋਂ 11 ਅਗਸਤ ਨੂੰ ਪਾਵਰਕਾਮ ਦੇ ਹੈੱਡ ਆਫਿਸ ਪਟਿਆਲਾ ਵਿਖੇ ਵੱਡੀ ਲਾਮਬੰਦੀ ਕਰ ਕੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।

ਇਸ ਧਰਨੇ ਦੀ ਅਗਵਾਈ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਸਮੁੱਚੀ ਟੀਮ ਕਰੇਗੀ। ਇਸ ਧਰਨੇ 'ਚ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮ ਸਾਥੀ ਵੱਡੀ ਗਿਣਤੀ ਚ ਪਹੁੰਚਣਗੇ ਤੇ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਨਗੇ ਕਿਉਂਕਿ ਪਾਵਰਕਾਮ ਦੀ ਮੈਨੇਜਮੈਂਟ ਨੇ ਜੋ ਅੱਜ ਤਕ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਹੋਈਆਂ ਮੀਟਿੰਗਾਂ 'ਚ ਸਹਿਮਤੀਆਂ ਕੀਤੀਆਂ ਸਨ, ਉਨ੍ਹਾਂ ਨੂੰ ਅੱਜ ਤਕ ਲਾਗੂ ਨਹੀਂ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਇਸ ਤੋਂ ਇਲਾਵਾ ਮੈਨੇਜਮੈਂਟ ਦੇ ਹੋਰ ਵੀ ਮਾਰੂ ਫੈਸਲਿਆਂ ਨੂੰ ਲੈ ਕੇ 11 ਅਗਸਤ ਨੂੰ ਹੈੱਡ ਆਫਿਸ ਦੇ ਸਾਹਮਣੇ ਧਰਨਾ ਦੇਣ ਉਪਰੰਤ ਮੋਤੀ ਮਹਿਲ ਵੱਲ ਮਾਰਚ ਕੀਤਾ ਜਾਵੇਗਾ। ਇਸ ਮੁਜ਼ਾਹਰੇ 'ਚ ਸਰਕਲ ਆਗੂ ਮਨਪ੍ਰਰੀਤ ਸਿੰਘ ਜਵਾਹਰਵਾਲਾ, ਕਰਮਜੀਤ ਸਿੰਘ ਨੰਗਲਾ, ਜਰਨੈਲ ਸਿੰਘ ਖੋਖਰ, ਜਸਬੀਰ ਸਿੰਘ ਲਹਿਰਾ, ਪ੍ਰਦੀਪ ਕੁਮਾਰ ਲਹਿਰਾ, ਡਾ. ਹਰਜਿੰਦਰ ਲਹਿਰਾ, ਮਨਦੀਪ ਸਿੰਘ ਗਾਗਾ, ਬੇਅੰਤ ਸਿੰਘ ਗਾਗਾ, ਭਰਪੂਰ ਸਿੰਘ ਮੂਣਕ, ਮਨਦੀਪ ਸਿੰਘ, ਰਛਪਾਲ ਸਿੰਘ, ਗੋਬਿੰਦ ਸਿੰਘ ਭੁਟਾਲ, ਪਵਨਜੀਤ ਖੋਖਰ ਤੇ ਹਰਦਰਸ਼ਨ ਸਿੰਘ ਨੇ ਸੰਬੋਧਨ ਕੀਤਾ।