ਸ਼ੰਭੂ ਗੋਇਲ, ਲਹਿਰਾਗਾਗਾ : ਨੇੜਲੇ ਪਿੰਡ ਆਲਮਪੁਰ ਦੇ ਸਰਕਾਰੀ ਸਕੂਲ ’ਚ ਬਾਂਦਰਾਂ ਦੀ ਗਿਣਤੀ ਬੱਚਿਆਂ ਤੋਂ ਦੁੱਗਣੀ ਹੈ। ਜਿਸ ਕਾਰਨ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪਰੇਸ਼ਾਨ ਹਨ। ਇਸ ਸਕੂਲ ਦੇ ਦੋ ਗੇਟ ਹਨ ਜਿਨ੍ਹਾਂ ਦੇ ਦੋਵੇਂ ਪਾਸੇ ਬਾਂਦਰਾਂ ਦੇ ਝੁੰਡ ਬੈਠੇ ਹੁੰਦੇ ਹਨ। ਜਿਸ ਕਾਰਨ ਸਵੇਰ ਸਮੇਂ ਅਧਿਆਪਕ ਸਕੂਲ ਜਾਣ ਤੋਂ ਡਰਦੇ ਹਨ। ਇਸ ਬਾਰੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਬੁਲਾ ਕੇ ਦਰਦ ਬਿਆਨ ਕਰਦਿਆਂ ਕਿਹਾ ਕਿ ਇਹ ਬਾਂਦਰ ਹੁਣ ਤਕ ਵਿਦਿਆਰਥੀਆਂ ਤੋਂ ਇਲਾਵਾ ਪਿੰਡ ਦੇ ਸੈਂਕੜੇ ਵਿਅਕਤੀਆਂ ਨੂੰ ਕੱਟ ਚੁੱਕੇ ਹਨ। ਜਿਨ੍ਹਾਂ ਨੂੰ ਹਸਪਤਾਲੋਂ ਟੀਕੇ ਲਵਾਉਣੇ ਪੈਂਦੇ ਹਨ।

ਬੱਚਿਆਂ ਦੇ ਨਾਲ-ਨਾਲ ਅਧਿਆਪਕ ਤੇ ਮਾਪੇ ਵੀ ਪਰੇਸ਼ਾਨ ਹਨ। ਸਕੂਲ ਦੀ ਮੁੱਖ ਅਧਿਆਪਕਾ ਗੀਤਾ ਰਾਣੀ ਨੇ ਦੱਸਿਆ ਇਨ੍ਹਾਂ ਬਾਂਦਰਾਂ ਦੀ ਸਕੂਲ ਵਿਚ ਪੂਰੀ ਦਹਿਸ਼ਤ ਹੈ। ਬੱਚੇ ਬਾਥਰੂਮ ਜਾਣ ਤੋਂ ਵੀ ਡਰਦੇ ਹਨ ਕਿਉਂਕਿ ਬਾਂਦਰ ਉਨ੍ਹਾਂ ਦੇ ਮਗਰ ਪੈਂਦੇ ਹਨ। ਅੱਜ ਸਵੇਰੇ ਬਾਂਦਰ ਬੱਚਿਆਂ ਦੇ ਮਗਰ ਪੈ ਗਏ ਜਿਸ ਨੂੰ ਅਧਿਆਪਕ ਹਰਵਿੰਦਰਪਾਲ ਹਟਾਉਣ ਲੱਗਿਆ ਤਾਂ ਉਸ ਉੱਤੇ ਛਾਲ ਮਾਰ ਕੇ ਬਾਂਦਰਾਂ ਨੇ ਦੰਦ ਮਾਰ ਦਿੱਤੇ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਦੇਸ਼ ’ਚ ਮੰਕੀ ਪਾਕਸ ਦੀ ਬਿਮਾਰੀ ਦੀ ਦਹਿਸ਼ਤ ਚੱਲ ਰਹੀ ਹੈ। ਜਿਸ ਕਾਰਨ ਅਸੀਂ ਬਾਂਦਰਾਂ ਨੇੜੇ ਜਾਣ ਤੋਂ ਵੀ ਡਰਦੇ ਹਾਂ।

ਇਹ ਬਾਂਦਰ ਸਾਡੀ ਸੀਸੀਟੀਵੀ ਕੈਮਰੇ, ਬੱਚਿਆਂ ਦੇ ਟਿਫਨ, ਰੋਟੀਆਂ, ਬੂਟ ਆਦਿ ਚੁੱਕ ਕੇ ਲੈ ਜਾਂਦੇ ਹਨ। ਪਿੰਡ ਦੇ ਹੀ ਰਹਿਣ ਵਾਲੇ ‘ਆਪ’ ਆਗੂ ਬੂਟਾ ਸਿੰਘ ਨੇ ਦੱਸਿਆ ਕਿ ਬੱਚਿਆਂ ਤੋਂ ਇਲਾਵਾ ਸਾਡੇ ਖੇਤਾਂ ’ਚ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਅਤੇ ਘਰਾਂ ’ਚ ਕੱਪੜੇ ਲੈ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਜੇ ਬਾਂਦਰਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਹੀ ਟਰਾਲੀਆਂ ’ਚ ਆਪਣਾ ਸਾਮਾਨ ਪਾ ਕੇ ਕਿਧਰੇ ਹੋਰ ਜਾ ਕੇ ਵਸਣ ਨੂੰ ਤਿਆਰ ਹਾਂ। ਇਕ ਆਗੂ ਬਿੱਕਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਐੱਮਐੱਲਏ ਹਲਕਾ ਲਹਿਰਾ ਵਰਿੰਦਰ ਗੋਇਲ ਬਾਂਦਰਾਂ ਸਬੰਧੀ ਕੋਈ ਠੋਸ ਪ੍ਰਬੰਧ ਕਰਦਿਆਂ ਜੰਗਲਾਤ ਵਿਭਾਗ ਨੂੰ ਕਹਿਣ ਅਤੇ ਪਿੰਜਰੇ ਲਵਾ ਕੇ ਇਨ੍ਹਾਂ ਨੂੰ ਬਾਹਰ ਬੀੜ ’ਚ ਛੱਡਿਆ ਜਾਵੇ ਨਹੀਂ ਤਾਂ ਅਸੀਂ ਸੜਕਾਂ ਜਾਮ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ।

Posted By: Shubham Kumar