ਗੰਨਾ ਕਾਸ਼ਤਕਾਰਾਂ ਦਾ ਸੰਘਰਸ਼ 9ਵੇਂ ਦਿਨ ਵੀ ਰਿਹਾ ਜਾਰੀ

ਅਨਵਰ ਬਾਗੜੀਆਂ, ਧੂਰੀ

ਸਥਾਨਕ ਭਗਵਾਨਪੁਰਾ ਸ਼ੂਗਰ ਮਿੱਲ ਵੱਲ ਰਹਿਦੀ ਗੰਨਾ ਕਿਸਾਨਾਂ ਦੀ ਅਦਾਇਗੀ ਲੈਣ ਲਈ ਗੰਨਾ ਕਿਸਾਨਾਂ ਦਾ ਪਿਛਲੇ 9 ਦਿਨਾਂ ਤੋਂ ਗੰਨਾ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਸ਼ੂਗਰ ਮਿੱਲ ਪ੍ਰਬੰਧਕਾਂ ਖ਼ਿਲਾਫ਼ ਸ਼ੁਰੂ ਕੀਤਾ ਗਿਆ ਸੰਘਰਸ਼ ਪੂਰੇ ਸਿਖਰਾਂ 'ਤੇ ਜਾਰੀ ਹੈ ਅਤੇ ਅਤੇ 2 ਕਿਸਾਨ ਹਰਜੀਤ ਸਿੰਘ ਬੁਗਰਾ ਪ੍ਰਧਾਨ ਗੰਨਾ ਸੰਘਰਸ਼ ਕਮੇਟੀ ਅਤੇ ਸੁਖਵੰਤ ਸਿੰਘ ਸੰਧੂ ਨੇ ਗੰਨਾ ਮਿੱਲ ਪ੍ਰਬੰਧਕਾਂ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਦਿਆਂ ਸ਼ੂਗਰ ਮਿੱਲ ਗੇਟ ਅੰਦਰ ਬਣੀ ਸੈਂਕੜੇ ਫੁੱਟ ਉੱਚੀ ਚਿਮਨੀ ਉੱਪਰ ਪਿਛਲੇ ਚਾਰ ਦਿਨਾਂ ਤੋਂ ਚੜ੍ਹ ਕੇ ਭੁੱਖ ਹੜਤਾਲ ਡਟੇ ਹੋਏ ਹਨ ਅਸੀਂ ਉਨ੍ਹਾਂ ਵੱਲੋਂ ਗੰਨਾ ਕਿਸਾਨਾਂ ਦੀ ਰਹਿੰਦੀ ਅਦਾਇਗੀ ਖਾਤੇ ਵਿਚ ਨਾ ਪਾਉਣ ਤੱਕ ਚਿਮਨੀ ਉਤੇ ਭੁੱਖੇ ਰਹਿ ਕੇ ਚੜ੍ਹੇ ਰਹਿਣ ਦਾ ਐਲਾਨ ਕਰ ਦਿੱਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ , ਕਿਸਾਨ ਆਗੂ ਜਗਮੇਲ ਸਿੰਘ ਉੱਭਾਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਨਾਜ਼ਮ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਗੰਨਾ ਉਤਪਾਦਕਾਂ ਨੂੰ ਉਨਾਂ੍ਹ ਦੀ ਬਕਾਇਆ ਰਾਸ਼ੀ ਦਿਵਾਉਣ ਲਈ ਜਿੱਥੇ ਪਿਛਲੇ ਨੌਂ ਦਿਨਾਂ ਤੋਂ ਲਗਾਤਾਰ ਸੰਘਰਸ਼ ਜਾਰੀ ਹੈ ਅਤੇ ਅੱਜ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਸੈਂਕੜੇ ਕਿਸਾਨਾਂ ਵੱਲੋਂ ਟਰੈਕਟਰ ਟਰਾਲੀਆਂ ਰਾਹੀਂ ਸ਼ੂਗਰ ਮਿੱਲ ਧੂਰੀ ਤੋਂ ਡੀ ਸੀ ਦਫ਼ਤਰ ਤਕ ਮਾਰਚ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਰਹਿੰਦੀ ਬਕਾਇਆ ਰਾਸ਼ੀ ਅਜੇ ਵੀ ਨਹੀਂ ਪਾਈ ਗਈ ਤਾਂ ਉਹ ਸੰਘਰਸ਼ ਸੰਗਰੂਰ ਡੀ ਸੀ ਦਫ਼ਤਰ ਵਿੱਚ ਵੀ ਵਿੱਢਣਗੇ । ਉਨ੍ਹਾਂ ਕਿਹਾ ਕਿ ਧੂਰੀ ਸ਼ੂਗਰ ਮਿੱਲ ਵੱਲ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦੀ ਲਗਪਗ 8 ਕਰੋੜ ਰੁਪਏ ਦੀ ਅਦਾਇਗੀ ਰਹਿੰਦੀ ਹੈ । ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ , ਜਗਮੇਲ ਸਿੰਘ ਉੱਭਾਵਾਲ , ਕਿਸਾਨ ਆਗੂ ਨਾਜ਼ਮ ਸਿੰਘ ਪੁੰਨਾਂਵਾਲ , ਪੇ੍ਮਜੀਤ ਸਿੰਘ ਭੋਜੋਵਾਲੀ , ਬੀਰ ਸਿੰਘ ਸੋਹੀ , ਦਲਜੀਤ ਸਿੰਘ , ਲਖਵੀਰ ਸਿੰਘ ਕਹੇਰੂ , ਸੁਰਜੀਤ ਸਿੰਘ ਕੇਹਰੂ , ਜਤਿੰਦਰ ਸਿੰਘ ਧੂਰਾ , ਰਣਜੀਤ ਸਿੰਘ ਬੱਬਨਪੁਰ ਅਤੇ ਬਲਜਿੰਦਰ ਸਿੰਘ ਮੀਮਸਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਹਾਜ਼ਰ ਸਨ।