ਅਸ਼ਵਨੀ ਸੋਢੀ, ਮਾਲੇਰਕੋਟਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਘੱਟ ਗਿਣਤੀ, ਕਿਸਾਨਾਂ, ਮੁਲਾਜ਼ਮ, ਮਜ਼ਦੂਰ ਵਿਰੋਧੀ ਹੈ। ਜਿਸ ਨੇ ਸੱਤਾ ਵਿੱਚ ਆਉਣ ਉਪਰੰਤ ਕਾਲੇ ਕਾਨੂੰਨ ਬਣਾ ਕੇ ਲੋਕ ਹਿੱਤਾਂ ਦਾ ਘਾਣ ਕੀਤਾ ਹੈ। ਇਹ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਆਗੂ ਨੁਸਰਤ ਇਕਰਾਮ ਬੱਗਾ, ਸ਼ਹਿਰੀ-1 ਪ੍ਰਧਾਨ ਅਸਲਮ ਕਾਲਾ, ਸ਼ਹਿਰੀ-2 ਪ੍ਰਧਾਨ ਸਫੀਕ ਚੌਹਾਨ, ਸਾਬਕਾ ਨਗਰ ਕੌਂਸਲ ਪ੍ਰਧਾਨ ਸਾਕਿਬ ਅਲੀ ਰਾਜਾ, ਐਸ.ਸੀ.ਵਿੰਗ ਦੇ ਸਰਕਲ ਪ੍ਰਧਾਨ ਰਾਜ ਸਿੰਘ ਦੁੱਲਮਾਂ, ਬਸੀਰ ਰਾਣਾ, ਗੁਰਮੇਲ ਸਿੰਘ ਨੌਧਰਾਣੀ ਨੇ ਟਰੱਕ ਯੂਨੀਅਨ ਵਿਖੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਸ਼ਤਕਾਰੀ ਬਿੱਲ ਦੇ ਵਿਰੋਧ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਜਿਸ ਦੇ ਵਿਰੋਧ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਦੀ ਕੁਰਸੀ ਤੋਂ ਅਸਤੀਫਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਨੂੰ ਕੁਰਸੀ ਨਹੀਂ ਕਿਸਾਨ ਪਿਆਰਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਅੱਖੋਂ ਪਰੋਖੇ ਕੀਤਾ ਹੈ ਜਿਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਭਾਜਪਾ ਨਾਲੋਂ ਨਾਤਾ ਤੋੜੇ।

\