ਸ਼ੰਭੂ ਗੋਇਲ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਹਿਰਾਗਾਗਾ ਦੇ ਬਲਾਕ ਪ੍ਰਧਾਨ ਧਰਮਿੰਦਰ ਪਿਸ਼ੌਰ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਖ਼ਤਮ ਕਰਨ ਲਈ ਤਿੰਨ ਆਰਡੀਨੈਂਸ (ਬਿੱਲ) ਲੈ ਕੇ ਆਈ ਹੈ।

ਸਮੇਂ ਦੀ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਇਕ ਮੰਡੀ ਇਕ ਦੇਸ਼ ਹੋਵੇਗਾ, ਹੁਣ ਕਿਸਾਨ ਆਪਣੀ ਫ਼ਸਲ ਕਿਸੇ ਵੀ ਰਾਜ 'ਚ ਆਪਣੀ ਮਰਜ਼ੀ ਨਾਲ ਭੇਜ ਸਕਣਗੇ। ਇਸ ਤੋਂ ਸਾਫ਼ ਹੁੰਦਾ ਹੈ ਕਿ ਫ਼ਸਲਾਂ ਦੀ ਸਰਕਾਰੀ ਖ਼ਰੀਦ ਬੰਦ ਹੋਵੇਗੀ ਅਤੇ ਬਾਅਦ 'ਚ ਅਨਾਜ ਮੰਡੀਆਂ ਅਤੇ ਮਾਰਕੀਟ ਕਮੇਟੀਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਜਾਵੇਗਾ। ਬਿਜਲੀ ਬਿੱਲ 2020 ਨੂੰ ਲਾਗੂ ਕਰ ਕੇ ਬਿਜਲੀ ਦਾ ਸਾਰਾ ਸਿਸਟਮ ਸੈਂਟਰ ਦੀ ਸਰਕਾਰ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਹੈ ਤਾਂ ਜੋ ਕਿਸਾਨਾਂ ਤੋਂ ਖੇਤੀ ਲਈ ਮੋਟਰਾਂ ਦੇ ਬਿੱਲ ਲਏ ਜਾ ਸਕਣ।

ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਕਿਸਾਨਾਂ ਦੀ ਮੌਤ ਦੇ ਵਾਰੰਟ ਤਿਆਰ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਆਉਣ ਵਾਲੀ 30 ਜੂਨ ਨੂੰ ਐੱਸਡੀਐੱਮ ਲਹਿਰਾਗਾਗਾ ਦੇ ਦਫ਼ਤਰ ਅੱਗੇ ਇਕ ਦਿਨਾਂ ਰੋਸ ਧਰਨਾ ਦਿੱਤਾ ਜਾਵੇਗਾ। ਮੀਟਿੰਗ ਨੂੰ ਲੀਲਾ ਸਿੰਘ ਚੋਟੀਆਂ, ਮੱਖਣ ਸਿੰਘ ਪਾਪੜਾ, ਮਾਸਟਰ ਗੁਰਚਰਨ ਸਿੰਘ ਖੋਖਰ, ਸੁਖਦੇਵ ਸਿੰਘ ਕੜੈਲ ਅਤੇ ਰਾਮ ਸਿੰਘ ਨੰਗਲਾ ਨੇ ਵੀ ਸੰਬੋਧਨ ਕੀਤਾ।