ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਘਰੋਂ ਲਾਪਤਾ ਹੋਏ ਪਿੰਡ ਬਲਿਆਲ ਦੇ ਇੱਕ ਨੌਜਵਾਨ ਦੀ ਬੀਤੀ ਦੇਰ ਸ਼ਾਮ ਲਾਸ਼ ਖੇਤਾਂ 'ਚੋਂ ਮਿਲੀ ਹੈ। ਮਿ੍ਤਕ ਨੌਜਵਾਨ ਇੱਕ ਦਿਨ ਪਹਿਲਾਂ ਅਚਾਨਕ ਘਰੋਂ ਲਾਪਤਾ ਹੋਇਆ ਸੀ।

ਇਸ ਸਬੰਧੀ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਲਿਆਲ ਨੇ ਪੁਲਿਸ ਨੂੰ ਲੰਘੀ 14 ਅਪ੍ਰੈਲ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਭਰਾ ਯਾਦਵਿੰਦਰ ਸਿੰਘ ਉਰਫ ਯਾਦੂ, ਜੋ ਕਿ 13 ਅਪ੍ਰੈਲ ਨੂੰ ਘਰੋਂ ਸਕੂਟਰੀ ਲੈ ਕੇ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਜਿਸ ਦੌਰਾਨ ਉਸਦੇ ਪਰਿਵਾਰ ਨੂੰ ਲਾਪਤਾ ਯਾਦਵਿੰਦਰ ਸਿੰਘ ਦੀ ਸਕੂਟਰੀ ਬੀਤੀ ਦੇਰ ਸ਼ਾਮ ਸ਼ਹਿਰ ਦੇ ਬਲਿਆਲ ਰੋਡ ਉਪਰ ਸਥਿਤ ਇਕ ਸ਼ੈਲਰ ਨੇੜੇ ਖੜ੍ਹੀ ਦਿਖਾਈ ਦਿੱਤੀ ਜਿਸ ਉਪਰੰਤ ਪਰਿਵਾਰ ਨੂੰ ਨੇੜਲੇ ਖੇਤਾਂ 'ਚੋਂ ਉਕਤ ਨੌਜਵਾਨ ਦੀ ਲਾਸ਼ ਭੇਤ ਭਰੀ ਹਾਲਤ 'ਚ ਮਿਲੀ।

ਥਾਣਾ ਮੁਖੀ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੇ ਪਿਤਾ ਮਲਕੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੱਸਿਆ ਕਿ ਯਾਦਵਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ ਅਤੇ ਉਸ ਦੀ ਮੌਤ ਲਈ ਉਨ੍ਹਾਂ ਨੂੰ ਕਿਸੇ ਉਪਰ ਵੀ ਕੋਈ ਸ਼ੱਕ ਨਹੀਂ। ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਸਬੰਧੀ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ।