ਮਨਿੰਦਰ ਸਿੰਘ, ਬਰਨਾਲਾ : ਜ਼ਿਲ੍ਹੇ ਦੇ ਕਸਬਾ ਭਦੌੜ ਵਿਚ ਤਹਿਸੀਲ ਕੰਪਲੈਕਸ ਵਿਚ ਬਣੇ ਸ਼ਹਿਰ ਦੇ ਇੱਕੋ ਇਕ ਸੇਵਾ ਕੇਂਦਰ ਵਿਚ ਹੋਈ ਗੁੰਡਾਗਰਦੀ ਕਾਰਨ ਲੋਕਾਂ ਵਿਚ ਸਹਿਮ ਹੈ। ਗੁੰਡਾਗਰਦੀ ਦਾ ਸ਼ਿਕਾਰ ਕਰਮਚਾਰੀ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੇਵਾ ਕੇਂਦਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਲਵਪ੍ਰਰੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਤਰਾਂ੍ਹ ਦਾ ਫਾਰਮ ਜਦੋਂ ਉਸ ਕੋਲ ਆਉਂਦਾ ਹੈ ਤਾਂ ਉਹ ਉਸ 'ਚ ਦਰੁਸਤੀਆਂ ਚੈੱਕ ਕਰ ਕੇ ਸਕੈਨ ਕਰਦਾ ਹੈ।

ਬੀਤੇ ਦਿਨੀਂ ਦੁਪਹਿਰ ਸਮੇਂ ਇਕ ਬਿਰਧ ਅੌਰਤ ਬੁਢਾਪਾ ਪੈਨਸ਼ਨ ਦਾ ਫਾਰਮ ਲੈ ਕੇ ਆਈ, ਜਿਸ 'ਚ ਬਹੁਤ ਸਾਰੀਆਂ ਊਣਤਾਈਆਂ ਸਨ। ਇਸ ਲਈ ਉਸ ਨੇ ਫਾਰਮ ਵਾਪਸ ਕਰ ਦਿੱਤਾ। ਇਹ ਫਾਰਮ ਉਸ ਨੇ ਸੇਵਾ ਕੇਂਦਰ ਦੇ ਬਾਹਰ, ਫਾਰਮ ਭਰਨ ਵਾਲੇ ਦੁਕਾਨਦਾਰ ਰਣਜੀਤ ਸਿੰਘ ਤੋਂ ਭਰਵਾਇਆ ਸੀ। ਫਾਰਮ ਵਾਪਸ ਕਰਨ ਦੀ ਗੱਲ ਤੋਂ ਗੁੱਸੇ ਹੋਏ ਦੁਕਾਨਦਾਰ ਰਣਜੀਤ ਨੇ ਉਨ੍ਹਾਂ ਦੇ ਦਫ਼ਤਰ ਵਿਚ ਆ ਕੇ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਤੇ ਫਿਰ ਉਸ 'ਤੇ ਹਮਲਾ ਕੀਤਾ। ਸਕਿਓਰਟੀ ਗਾਰਡ ਨੇ ਉਸ ਦਾ ਬਚਾਓ ਕੀਤਾ ਕਿ ਆਪਣੇ ਆਤਮ ਰੱਖਿਆ ਲਈ ਉਸ ਨੂੰ ਹੱਥ ਚੁੱਕਣਾ ਪਿਆ। ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਮੁਲਜ਼ਮ 'ਤੇ ਡਿਊਟੀ ਵਿਚ ਵਿਘਨ ਪਾਉਣ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਐੱਸਐੱਚਓ ਭਦੌੜ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ।