ਬੂਟਾ ਸਿੰਘ ਚੌਹਾਨ, ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੱਕੇ ਮੋਰਚੇ ਦੇ ਨੌਵੇਂ ਦਿਨ ਸ਼ਹਿਰ ਦੀਆਂ ਮੁੱਖ ਥਾਵਾਂ 'ਤੇ ਸਰਕਾਰ ਵਿਰੋਧੀ ਨਾਅਰੇ ਲਿਖਦਿਆਂ ਸੰਘਰਸ਼ ਨੂੰ ਇੱਕ ਹੋਰ ਰੂਪ ਦਿੱਤਾ। ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਿਢੱਲਵਾਂ ਨੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵੱਲੋਂ 2500 ਅਧਿਆਪਕਾਂ ਦੀ ਭਰਤੀ ਦੇ ਫ਼ੈਸਲੇ ਨੂੰ ਮਹਿਜ਼ 'ਸਿਆਸੀ ਜ਼ੁਮਲਾ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕੈਬਨਿਟ ਦਾ ਫ਼ੈਸਲਾ ਹਕੀਕੀ ਹੈ ਤਾਂ ਐਲਾਨੀਆਂ ਪੋਸਟਾਂ ਬਾਰੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਧਰਨੇ 'ਚ ਆ ਕੇ ਐਲਾਨ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹ ਵੀ ਹਾਸੋਹੀਣੀ ਗੱਲ ਹੈ ਕਿ 2500 ਆਸਾਮੀਆਂ ਦੇ ਐਲਾਨ 'ਚ ਇਹ ਜ਼ਿਕਰ ਨਹੀਂ ਹੈ ਕਿ ਇਹ ਆਸਾਮੀਆਂ ਬੀਐੱਡ ਅਧਿਆਪਕਾਂ ਲਈ ਹੋਣਗੀਆਂ ਜਾਂ ਈਟੀਟੀ ਅਧਿਆਪਕਾਂ ਲਈ। ਉਨ੍ਹਾਂ ਕਿਹਾ ਕਿ ਇਹ ਆਸਾਮੀਆਂ ਦੀ ਗਿਣਤੀ ਨਿਗੂਣੀ ਹੈ।

ਇਸ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ (ਰੰਧਾਵਾ) ਦੇ ਸੂਬਾ ਆਗੂ ਹੁਸ਼ਿਆਰ ਸਿੰਘ, ਰਮਨ ਕਾਲਾਝਾੜ, ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਬਲਬੀਰ ਚੰਦ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਜਨਤਕ ਘੋਲ਼ ਦਾ ਸੱਦਾ ਦਿੱਤਾ। ਯੂਨੀਅਨ ਦੇ ਆਗੂਆਂ ਬਲਕਾਰ ਮੰਘਾਣੀਆਂ, ਪ੍ਰਦੀਪ ਰਾਜਪੁਰਾ, ਖ਼ੁਸ਼ਦੀਪ ਸਿੰਘ, ਕੁਲਵੰਤ ਲੌਂਗੋਵਾਲ, ਅਰਸ਼ਦੀਪ ਕੌਰ, ਹਰਦੀਪ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ।