ਬੂਟਾ ਸਿੰਘ ਚੌਹਾਨ, ਸੰਗਰੂਰ : ਅਕਾਲੀ ਦਲ (ਬਾਦਲ) ਦੇ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਅਕਾਲੀ ਦਲ ਨਾਲ ਜੁੜੀਆਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮ ਫਰੰਟ ਦੇ ਆਗੂਆਂ ਤੋਂ ਇਲਾਵਾ ਹੁਣ ਅਧਿਆਪਕ ਦਲ ਦੇ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।

ਅਧਿਆਪਕ ਦਲ ਨਾਭਾ ਦੀ ਸਮੁੱਚੀ ਇਕਾਈ ਨੇ ਪਿਸ਼ੌਰਾ ਸਿੰਘ ਦੀ ਅਗਵਾਈ ਹੇਠ ਸੁਖਦੇਵ ਸਿੰਘ ਢੀਂਡਸਾ ਦੇ ਨਿਵਾਸ ਰਿਹਾਇਸ਼ ਵਿਖੇ ਪੁੱਜ ਕੇ ਪਰਮਿੰਦਰ ਸਿੰਘ ਢੀਂਡਸਾ ਦੀ ਮੌਜੂਦਗੀ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ। ਅਧਿਆਪਕ ਦਲ ਦੇ ਆਗੂਆਂ ਵਿੱਚ ਜਸਪਾਲ ਸਿੰਘ, ਮਾਸਟਰ ਅਮਰੀਕ ਸਿੰਘ, ਭਜਨ ਸਿੰਘ, ਸੁਖਵਿੰਦਰਜੀਤ ਸਿੰਘ, ਦਰਸ਼ਨ ਸਿੰਘ, ਜਗਦੇਵ ਸਿੰਘ, ਅਮਿ੍ਤਪਾਲ ਸਿੰਘ, ਮਲਕੀਤ ਸਿੰਘ ਗਾਂਧੀ ਅਤੇ ਹੋਰ ਅਧਿਆਪਕ ਸ਼ਾਮਿਲ ਹੋਏ।

ਅਧਿਆਪਕ ਦਲ ਦੇ ਆਗੂਆਂ ਨੇ ਕਿਹਾ ਕਿ ਢੀਂਡਸਾ ਨੇ, ਜੋ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਮੁਲਾਜ਼ਮਾਂ ਦੇ ਹੱਕ ਵਿੱਚ ਨੀਤੀਆਂ ਬਣਾ ਕੇ ਅਕਾਲੀ ਭਾਜਪਾ ਸਰਕਾਰ ਤੋਂ ਪ੍ਰਵਾਨ ਕਰਵਾਈਆਂ ਸਨ। ਮੁਲਾਜ਼ਮ ਸ੍. ਢੀਂਡਸਾ ਨੇ ਯਤਨਾਂ ਦੇ ਰਿਣੀ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਮੁਲਾਜ਼ਮਾਂ ਦੇ ਹੱਕ ਵਿੱਚ ਨਾ ਹੀ ਆਵਾਜ਼ ਉਠਾਈ ਅਤੇ ਨਾ ਹੀ ਅਕਾਲੀ ਭਾਜਪਾ ਸਰਕਾਰ ਵੇਲੇ ਮੁਲਾਜ਼ਮਾਂ ਦੀ ਕੋਈ ਗੱਲ ਸੁਣੀ।

ਇਸ ਮੌਕੇ ਮੁਲਾਜ਼ਮ ਫਰੰਟ ਦੇ ਸੂਬਾਈ ਜਨਰਲ ਸਕੱਤਰ ਹਰਵਿੰਦਰ ਸਿੰਘ ਚੱਠਾ, ਕੇਵਲ ਸਿੰਘ ਸ਼ੇਰੋਂ, ਮਾਸਟਰ ਰੇਸ਼ਮ ਸਿੰਘ ਅਤੇ ਹੋਰ ਵੀ ਆਗੂ ਹਾਜ਼ਰ ਸਨ। ਅਧਿਆਪਕ ਦਲ ਦੇ ਆਗੂਆਂ ਨੇ ਸਾਬਕਾ ਵਿੱਤ ਮੰਤਰੀ ਦਾ ਸਨਮਾਨ ਵੀ ਕੀਤਾ।