ਪਰਦੀਪ ਕਸਬਾ, ਸੰਗਰੂਰ : ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਸੁਨਾਮ ਰੋਡ 'ਤੇ ਪਾਣੀ ਵਾਲੀ ਟੈਂਕੀ ਕੋਲ ਲਾਇਆ ਪੱਕਾ ਮੋਰਚਾ 14ਵੇਂ ਦਿਨ ਵਿਚ ਅਤੇ ਮਰਨ ਵਰਤ 7ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਰੋਸ ਵਿਚ ਆਏ ਬੇਰੁਜ਼ਗਾਰ ਅਧਿਆਪਕਾਂ ਨੇ ਸੁਨਾਮੀ ਗੇਟ ਸਬਜ਼ੀ ਮੰਡੀ ਕੋਲ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਫੂਕ ਕੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਸੰਦੀਪ ਸਾਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਹਰ ਦਿਨ ਮਰਨ ਵਰਤ 'ਤੇ ਬੈਠੇ ਜਗਵਿੰਦਰ ਸਿੰਘ ਮਾਨਸਾ ਹਰਜੀਤ ਸਿੰਘ ਮਾਨਸਾ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਪ੍ਰਤੀ ਪ੍ਰਰਾਪਤੀ ਉਹ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ।

ਇਸ ਮੌਕੇ ਸੋਨੂੰ ਬਨਾਰਸੀ, ਗੁਰਜੰਟ ਸਿੰਘ, ਰਾਜ ਕੁਮਾਰ ਮਾਨਸਾ, ਜਰਨੈਲ ਸਿੰਘ, ਸੁਰਿੰਦਰ ਅਬੋਹਰ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀ ਪੱਕੀ ਭਰਤੀ ਦਾ ਇਸ਼ਿਤਿਹਾਰ ਜਲਦੀ ਜਾਰੀ ਕਰੇ ਤੇ ਥੋਪੀਆਂ ਗਈਆਂ ਸ਼ਰਤਾਂ ਨੂੰ ਤੁਰੰਤ ਹਟਾਇਆ ਜਾਵੇ।