ਬੂਟਾ ਸਿੰਘ ਚੌਹਾਨ, ਸੰਗਰੂਰ : 'ਅਸੀਂ ਐੱਚਐੱਸ ਫੂਲਕਾ ਤੇ ਹੋਰ ਆਗੂ ਬਹੁਤ ਛੇਤੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀਆਂ ਚੋਣਾਂ ਕਰਵਾਉਣ ਦੀ ਮੰਗ ਕਰਾਂਗੇ।'

ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲਿਆਂ ਦੇ ਮੋਹਰੀ ਜਾਣੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਸਾਡੀਆਂ ਹਮਖ਼ਿਆਲੀ ਪਾਰਟੀਆਂ ਤੇ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦਿੱਲੀ ਵਿਖੇ ਹੋ ਰਹੀ ਹੈ। ਇਸ ਪਿੱਛੋਂ ਅਸੀਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੀ ਮੰਗ ਕੀਤੀ ਜਾਵੇਗੀ। ਢੀਂਡਸਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਿਰਫ ਧਾਰਮਿਕ ਆਗੂ ਹੀ ਇਨ੍ਹਾਂ ਚੋਣਾਂ 'ਚ ਅੱਗੇ ਆਉਣ ਤੇ ਸਿਆਸੀ ਸੋਚ ਰੱਖਣ ਵਾਲੇ ਵਿਅਕਤੀ ਨੂੰ ਅੱਗੇ ਨਾ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਇਹ ਚੋਣਾਂ ਹੋਣੀਆਂ ਸਮੇਂ ਦੀ ਲੋੜ ਬਣ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਹੋਰ ਗੱਲਾਂ ਤਾਂ ਛੱਡੋ ਹੁਣ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਕੀਰਤਨ ਤੇ ਹੁਕਮਨਾਮੇ 'ਤੇ ਵੀ ਇਕ ਚੈਨਲ ਨੇ ਕਬਜ਼ਾ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸ੍ਰੀ ਅਕਾਲ ਤਖ਼ਤ ਤੋਂ ਹੁਣ ਕੁਝ ਨਾ ਕੁਝ ਫੈਸਲੇ ਠੀਕ ਹੋਣ ਲੱਗ ਪਏ ਹਨ ਪਰ ਸਾਡੀ ਦਿਲੀ ਇੱਛਾ ਹੋਵੇਗੀ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹੋਵੇ। ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਖ਼ੁਦਮੁਖ਼ਤਾਰ ਬਣ ਕੇ ਫ਼ੈਸਲੇ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਸੰਵਿਧਾਨਕ ਤਰੀਕੇ ਨਾਲ ਵੋਟਾਂ ਪੈ ਕੇ ਬਣੇ ਨਾ ਕਿ ਕਿਸੇ ਪਾਸਿਓਂ ਪ੍ਰਧਾਨ ਦਾਨਾਂ ਕਿਸੇ ਹੋਰ ਵੱਲੋਂ ਲਿਖਤੀ ਤੌਰ 'ਤੇ ਭੇਜਿਆ ਜਾਵੇ।

ਢੀਂਡਸਾ ਨੇ ਕਿਹਾ ਬੈਂਸ ਸਾਡੇ ਨਾਲ ਆ ਗਏ ਹਨ। ਬਲਵੰਤ ਸਿੰਘ ਰਾਮੂਵਾਲੀਆਂ ਵੀ ਆ ਗਏ। ਸੁਖਪਾਲ ਸਿੰਘ ਖਹਿਰਾ ਨਾਲ ਵੀ ਗੱਲ ਚੱਲ ਰਹੀ ਹੈ। ਉਹ ਵੀ ਅਕਾਲੀ ਪਰਿਵਾਰ 'ਚੋਂ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਧਿਰਾਂ ਵੀ, ਜੋ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਹੋਈ ਨੂੰ ਵੇਖਣਾ ਚਾਹੁੰਦੀਆਂ ਹਨ, ਉਹ ਵੀ ਸਾਡੇ ਨਾਲ ਆਉਣ।