ਮਨਦੀਪ ਕੁਮਾਰ, ਸੰਗਰੂਰ: ਧੂਰੀ ਏਰੀਏ ਦੇ ਗੰਨਾ ਉਤਪਾਦਕ ਇਸ ਗੱਲੋਂ ਪਰੇਸ਼ਾਨ ਹਨ ਕਿ ਸ਼ੂਗਰ ਮਿੱਲਾਂ ਨੇ ਲੰਘੇ ਸਾਲ ਦਾ ਭੁਗਤਾਨ ਹਾਲੇ ਤਾਈਂ ਨਹੀਂ ਕੀਤਾ ਹੈ। ਇਹ ਲਗਪਗ 20 ਕਰੋੜ ਰੁਪਏ ਬਣਦਾ ਹੈ ਪਰ ਇਸੇ ਇਲਾਕੇ ਦੇ ਪਿੰਡ ਅਕੋਈ ਸਾਹਿਬ ਦੇ ਕਿਸਾਨ ਗੁਰਮੀਤ ਸਿੰਘ ਨੇ ਲੰਘੇ ਪੰਜ ਵਰ੍ਹਿਆਂ ਤੋਂ ਆਪਣਾ ਗੰਨਾ, ਸ਼ੂਗਰ ਮਿੱਲਾਂ ਨੂੰ ਨਹੀਂ ਵੇਚਿਆ ਹੈ।

ਉਨ੍ਹਾਂ ਨੇ ਬਾਕੀ ਕਿਸਾਨਾਂ ਤੋਂ ਹੱਟ ਕੇ ਵੱਖਰਾ ਰਾਹ ਅਖ਼ਤਿਆਰ ਕੀਤਾ ਹੈ ਤੇ ਗੰਨੇ ਤੋਂ ਔਸ਼ਧੀ ਗੁਣਾਂ ਵਾਲਾ ਸਿਰਕਾ ਬਣਾਉਣਾ ਸ਼ੁਰੂ ਕੀਤਾ। ਹੁਣ ਉਹ ਹੋਰਨਾਂ ਕਿਸਾਨਾਂ ਦੇ ਮੁਕਾਬਲੇ ਦਸ ਗੁਣਾ ਵੱਧ ਕਮਾਈ ਕਰਦੇ ਹਨ। ਗੁਰਮੀਤ ਕਹਿੰਦੇ ਹਨ ਕਿ ਉਹ ਲੰਘੇ ਕਈ ਵਰਿ੍ਹਆਂ ਤੋਂ ਗੰਨਾ ਉਗਾ ਰਹੇ ਹਨ। ਪਹਿਲਾਂ ਸ਼ੂਗਰ ਮਿੱਲਾਂ ਨੂੰ ਵੇਚਦੇ ਸਨ ਪਰ ਸਹੀ ਮੁੱਲ ਨਹੀਂ ਮਿਲਦਾ ਸੀ। ਮੁੱਲ ਮਿਲ ਵੀ ਜਾਵੇ ਤਾਂ ਅਦਾਇਗੀ ਦੇਰ ਨਾਲ ਹੁੰਦੀ ਸੀ, ਉਹ ਗੰਨੇ ਦੀ ਕਾਸ਼ਤ ਤੋਂ ਅੱਕ ਗਏ ਸਨ।

ਉਨ੍ਹਾਂ ਦੇ ਪਿਤਾ ਸੋਹਨ ਸਿੰਘ ਘਰ ਵਿਚ ਮਿੱਟੀ ਦੇ ਘੜੇ ਵਿਚ ਗੰਨੇ ਦਾ ਰਸ ਪਾ ਕੇ ਕਈ ਮਹੀਨਿਆਂ ਤਕ ਦਬ ਦਿੰਦੇ ਸਨ, ਜਿਸ ਵਿਚ ਕੁਝ ਹੋਰ ਸਮੱਗਰੀ ਪਾ ਕੇ ਘਰ ਵਾਸਤੇ ਸਿਰਕਾ ਤਿਆਰ ਕਰਦੇ ਸਨ। ਇਸੇ ਦਿਸ਼ਾ ਵਿਚ ਕਦਮ ਵਧਾਉਂਦਿਆਂ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਤੋਂ 2015 ਵਿਚ ਟਰੇਨਿੰਗ ਲਈ ਤੇ ਇਹ ਕੰਮ ਅਰੰਭ ਕੀਤਾ। ਇਹ ਯਤਨ ਇੰਨਾ ਸਫ਼ਲ ਹੋਇਆ ਕਿ ਹੁਣ ਉਹ 11 ਤਰ੍ਹਾਂ ਦਾ ਸਿਰਕਾ ਤਿਆਰ ਕਰਦੇ ਹਨ ਤੇ ਪੰਜਾਬ, ਦਿੱਲੀ ਤੇ ਹਰਿਆਣਾ ਵਗੈਰਾ ਵਿਚ ਵੇਚਦੇ ਹਨ।

ਕੁਇੰਟਲ ਗੰਨਾ ਸ਼ੂਗਰ ਮਿੱਲ ਨੂੰ ਵੇਚਣ 'ਤੇ 310 ਰੁਪਏ ਮਿਲਦੇ ਹਨ। ਇਸ ਵਿਚ ਕਿਰਤੀਆਂ ਦੀ ਕਿਰਤ ਤੇ ਢੋਆਈ ਦਾ ਖ਼ਰਚਾ ਕੱਢ ਲਈ ਤਾਂ ਮੁਸ਼ਕਲ ਨਾਲ ਦੋ-ਢਾਈ ਸੌ ਰੁਪਏ ਬੱਚਦੇ ਹਨ। ਉਥੇ ਕੁਇੰਟਲ ਗੰਨੇ ਤੋਂ 30 ਤੋਂ 40 ਬੋਤਲਾਂ ਸਿਰਕਾ ਤਿਆਰ ਹੋ ਜਾਂਦਾ ਹੈ। ਬੋਤਲ 100 ਰੁਪਏ ਵਿਚ ਵਿਕਦੀ ਹੈ। ਕਿਰਤ, ਢੋਆਈ, ਮਸ਼ੀਨਰੀ ਤੇ ਪੈਕਿੰਗ ਆਦਿ ਦਾ ਖ਼ਰਚਾ ਕੱਢ ਕੇ 2000 ਤੋਂ 2500 ਰੁਪਏ ਬੱਚ ਜਾਂਦੇ ਹਨ। ਗੁਰਮੀਤ ਸਿੰਘ ਨੇ ਨਾ-ਸਿਰਫ਼ ਔਸ਼ਧੀ ਗੁਣਾਂ ਵਾਲਾ ਸਿਰਕਾ ਬਣਾ ਕੇ ਲੋਕਾਂ ਨੂੰ ਨਿਰੋਗ ਬਣਾਉਣ ਦਾ ਯਤਨ ਕੀਤਾ ਸਗੋਂ ਗੰਨੇ ਦੀ ਖੇਤੀ ਨੂੰ ਮੁਨਾਫ਼ੇ ਦਾ ਸੌਦਾ ਬਣਾਉਣ ਵਿਚ ਕਾਮਯਾਬ ਹੋਏ ਹਨ।

ਗਿਆਰਾਂ ਭਾਂਤ ਦਾ ਸਿਰਕਾ

ਕਿਸਾਨ ਮੁਤਾਬਕ ਉਨ੍ਹਾਂ ਨੇ 11 ਤਰ੍ਹਾਂ ਦਾ ਸਿਰਕਾ ਤਿਆਰ ਕੀਤਾ ਹੈ। ਇਹ ਸਿਰਕਾ ਜੋੜਾਂ ਦੇ ਦਰਦ, ਸ਼ੂਗਰ, ਸਾਹ ਰੋਗ, ਢਿੱਡ ਦੀਆਂ ਬਿਮਾਰੀਆਂ, ਯੂਰਿਕ ਐਸਿਡ, ਮੋਟਾਪਾ, ਉੱਚ ਖ਼ੂਨ ਦਾਬ ਨੂੰ ਸਹੀ ਕਰਨ ਵਿਚ ਕਾਰਗ਼ਰ ਹੈ। ਉਹ ਜਾਮਣ, ਕਿੱਕਰ ਦੇ ਤੁੱਕੇ, ਕੁਆਰ ਗੰਦਲ, ਪੂਦੀਨਾ, ਮੇਥੀ, ਸੇਬ, ਚੁਕੰਦਰ, ਗਿਲੋਏ, ਹਲਦੀ, ਲੱਸਣ, ਕੌੜਤੁੰਮਾ ਦਾ ਸਿਰਕਾ ਤਿਆਰ ਕਰਦੇ ਹਨ। ਸੇਬ ਨੂੰ ਛੱਡ ਕੇ ਬਾਕੀ ਸ਼ੈਆਂ ਆਪ ਉਗਾਉਂਦੇ ਹਨ। ਉਪ ਵੈਦ ਦਾ ਕੋਰਸ ਕਰ ਚੁੱਕੇ ਗੁਰਮੀਤ ਸਿੰਘ ਮੁਤਾਬਕ ਉਹ ਕਈ ਬਿਮਾਰੀਆਂ ਵਿਚ ਸਿਰਕੇ ਦੇ ਸੇਵਨ ਦੀ ਸਲਾਹ ਦਿੰਦੇ ਹਨ। ਪੀਏਯੂ ਨੇ ਉਨ੍ਹਾਂ ਨੂੰ ਵਰ੍ਹਾ 2019 ਦੌਰਾਨ ਸਨਮਾਨਤ ਕੀਤਾ ਹੈ।

ਇਕ ਵਰ੍ਹੇ 'ਚ ਹੁੰਦੈ ਤਿਆਰ

ਸਿਰਕਾ ਬਣਾਉਣ ਦਾ ਤਰੀਕਾ ਲੰਮਾ ਹੁੰਦਾ ਹੈ। ਕਿਸਾਨ ਦੇ ਪਲਾਂਟ ਵਿਚ ਸੈਂਕੜੇ ਟੈਂਕੀਆਂ ਹਨ। ਗੰਨੇ ਦੇ ਰਸ ਨੂੰ ਵੱਖ ਵੱਖ ਟੈਂਕੀਆਂ ਵਿਚ ਵਰ੍ਹੇ ਲਈ ਬੰਦ ਕੀਤਾ ਜਾਂਦਾ ਹੈ। ਮਿੱਥੇ ਸਮੇਂ ਮਗਰੋਂ ਇਨ੍ਹਾਂ ਟੈਂਕੀਆਂ ਤੋਂ ਸਿਰਕਾ ਕੱਢਿਆ ਜਾਂਦਾ ਹੈ। ਉਨ੍ਹਾਂ ਨੇ ਤਿੰਨ ਜਣਿਆਂ ਨੂੰ ਰੁਜ਼ਗਾਰ ਵੀ ਦਿੱਤਾ ਹੈ।