ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਵੀਰਵਾਰ ਰਾਤ ਆਏ ਤੇਜ਼ ਹਨੇਰੀ ਤੂਫਾਨ ਨੇ ਇਲਾਕੇ 'ਚ ਤਬਾਹੀ ਮਚਾ ਦਿੱਤੀ। ਤੇਜ ਹਨੇਰੀ ਤੂਫਾਨ ਕਾਰਨ ਇੱਥੇ ਨੈਸ਼ਨਲ ਹਾਈਵੇਅ ਉੱਪਰ ਪਟਿਆਲਾ ਰੋਡ 'ਤੇ ਸਥਿਤ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਸਰਕਾਰੀ ਗੋਦਾਮਾਂ ਦੇ ਦੋ ਸ਼ੈੱਡ ਉੱਡ ਜਾਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਉੱਥੇ ਹੀ ਇਲਾਕੇ ਦੇ ਕਈ ਖੇਤਰਾਂ 'ਚ ਬਿਜਲੀ ਦੇ ਖੰਭੇ, ਟਰਾਂਸਫਾਰਮਰ ਅਤੇ ਦਰਖਤ ਵੀ ਜ਼ਮੀਨ 'ਤੇ ਡਿੱਗ ਪਏ। ਜਾਣਕਾਰੀ ਅਨੁਸਾਰ ਵੇਅਰ ਹਾਊਸ ਦੇ ਦੋ ਗੋਦਾਮਾਂ ਦੇ ਉੱਡੇ ਸੈਡਾਂ 'ਚੋਂ ਇਕ ਪੂਰੇ ਦਾ ਪੂਰਾ ਵੱਡਾ ਸ਼ੈੱਡ ਕੋਲੋਂ ਲੰਘਦੀ ਨੈਸ਼ਨਲ ਹਾਈਵੇਅ ਉਪਰ ਆ ਡਿੱਗਿਆ। ਮੁੱਖ ਸੜਕ 'ਤੇ ਉਸ ਸਮੇਂ ਕਿਸੇ ਛੋਟੇ ਵੱਡੇ ਵਾਹਨਾਂ ਦੀ ਆਵਾਜਾਈ ਨਹੀਂ ਸੀ ਹੋ ਰਹੀ ਜਿਸ ਕਰਕੇ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਹਿ ਗਿਆ। ਹਾਲਾਂਕਿ ਸ਼ੈੱਡ ਡਿੱਗਣ ਕਾਰਨ ਕਾਫ਼ੀ ਸਮਾਂ ਹਾਈਵੇਅ 'ਤੇ ਲੋਕਾਂ ਨੂੰ ਟ੍ਰੈਿਫ਼ਕ ਦੀ ਸਮੱਸਿਆ ਜ਼ਰੂਰ ਪੇਸ਼ ਆਈ ਤੇ ਬਾਅਦ 'ਚ ਭਾਰੀ ਜਦੋਜਹਿਦ ਮਗਰੋਂ ਸ਼ੈੱਡ ਦੇ ਕੁਝ ਹਿੱਸੇ ਨੂੰ ਹਟਾ ਕੇ ਟ੍ਰੈਿਫ਼ਕ ਨੂੰ ਸੁਚਾਰੂ ਕੀਤਾ ਗਿਆ। ਇਸ ਤੋਂ ਇਲਾਵਾ ਤੇਜ਼ ਹਨੇਰੀ ਤੂਫਾਨ ਕਾਰਨ ਸ਼ਹਿਰ 'ਚ ਹਾਈਵੇ 'ਤੇ ਲੱਗੇ ਖੰਭੇ ਵੀ ਟੁੱਟ ਕੇ ਜ਼ਮੀਨ 'ਤੇ ਡਿੱਗ ਪਏ ਜਿਸ ਨਾਲ ਕਈ ਇਲਾਕਿਆਂ 'ਚ ਘੰਟਿਆਂ ਬੱਧੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੀ। ਵੇਅਰ ਹਾਊਸ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਗੋਦਾਮਾਂ ਦੇ ਦੋ ਸ਼ੈੱਡ ਹਨੇਰੀ ਨਾਲ ਉੱਡ ਕੇ ਡਿੱਗ ਗਏ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਗੋਦਾਮਾਂ ਦੇ ਸ਼ੈਡ ਉੱਡੇ ਹਨ ਉਸ ਅੰਦਰ ਪਏ ਅਨਾਜ ਦੇ ਬਚਾਅ ਲਈ ਕਵਰ ਪਾਏ ਹੋਏ ਸਨ ਜਿਸ ਕਾਰਨ ਮੀੰਹ ਵਿੱਚ ਅਨਾਜ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ। ਉਨਾਂ੍ਹ ਕਿਹਾ ਕਿ ਹੋਏ ਨੁਕਸਾਨ ਦੇ ਅਨੁਮਾਨ ਬਾਰੇ ਵਿਭਾਗ ਦੇ ਇੰਜੀਨੀਅਰਾਂ ਦੀ ਟੀਮ ਹੀ ਕੁੱਝ ਦੱਸ ਸਕੇਗੀ। ਇਸ ਤੋੰ ਇਲਾਵਾ ਨਾਭਾ, ਸਮਾਣਾ, ਸੁਨਾਮ ਨੂੰ ਜਾਣ ਵਾਲੀਆਂ ਸੜਕਾਂ 'ਤੇ ਹਨੇਰੀ ਤੂਫਾਨ ਨਾਲ ਵੱਡੇ ਦਰੱਖ਼ਤ ਤੇ ਬਿਜਲੀ ਦੇ ਖੰਡੇ ਡਿੱਗਣ ਦੀਆਂ ਖਬਰਾਂ ਮਿਲੀਆਂ।