ਯੋਗੇਸ਼ ਸ਼ਰਮਾ, ਭਦੌੜ : ਸਾਡੇ ਦੇਸ਼ ਦਾ ਵਾਤਾਵਰਨ ਦਿਨੋ-ਦਿਨ ਗੰਧਲਾ ਹੁੰਦਾ ਹੋਇਆ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਕਈ ਕਾਰਨ ਹਨ, ਜਿਨ੍ਹਾਂ 'ਚ ਦਿਨੋਂ-ਦਿਨ ਵਧ ਰਹੀ ਮਸ਼ੀਨਰੀ ਤੇ ਉਸ ਤੋਂ ਹੋ ਰਿਹਾ ਪ੍ਰਦੂਸ਼ਣ, ਤੇਜ਼ੀ ਨਾਲ ਦਰੱਖਤਾਂ ਦਾ ਘਟਣਾ ਤੇ ਵਾਤਾਵਰਨ ਪ੍ਰਤੀ ਮਨੁੱਖੀ ਅਣਗਹਿਲੀ ਆਦਿ ਵੱਡੇ ਕਾਰਨ ਹਨ। ਜਿਸ ਕਾਰਨ ਸਾਡਾ ਵਾਤਾਵਰਨ ਦਿਨੋਂ-ਦਿਨ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਜੇਕਰ ਵਾਤਾਵਰਨ ਨੂੰ ਨਾ ਸਾਂਭਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਦਰੁਸਤ ਜੀਵਨ ਜਿਊਣਾ ਕਲਪਨਾ ਕਰਨ ਦੇ ਬਰਾਬਰ ਹੋਵੇਗਾ।

ਲਿੰਕਨ ਚਾਹ ਦੇ ਐੱਮਡੀ ਧਰਮਿੰਦਰ ਕੁਮਾਰ ਮੱਖਣ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣਾ ਸਭ ਤੋਂ ਵੱਡੀ ਲੋੜ ਬਣ ਚੁੱਕਾ ਹੈ, ਕਿਉਂਕਿ ਇਸ ਤੋਂ ਬਿਨਾਂ ਤੰਦਰੁਸਤ ਜੀਵਨ ਜਿਊਣਾ ਅਸੰਭਵ ਹੈ ਤੇ ਦਿਨੋਂ-ਦਿਨ ਵਧ ਰਹੀਆਂ ਬਿਮਾਰੀਆਂ ਵੀ ਵਾਤਾਵਰਨ ਪ੍ਰਦੂਸ਼ਤ ਹੋਣ ਕਾਰਨ ਹੀ ਫੈਲ ਰਹੀਆਂ ਹਨ। ਸਾਨੂੰ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੰਭਾਲਣ ਦਾ ਜ਼ਿੰਮਾ ਵੀ ਚੁੱਕਣਾ ਚਾਹੀਦਾ ਹੈ

ਸ਼ੈਲਰ ਐਸੋਸੀਏਸ਼ਨ ਭਦੌੜ ਦੇ ਮੋਹਤਬਾਰ ਆਗੂ ਸ਼ੀਤਲ ਕੁਮਾਰ ਸਿੰਗਲਾ ਨੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਸਾਨੂੰ ਸਭ ਨੂੰ ਜਾਗਰੂਕ ਹੋਣਾ ਪਵੇਗਾ, ਤਾਂ ਕਿ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਜੀਵਨ ਜਿਉਂ ਸਕੀਏ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰਾਂ ਨੂੰ ਜਾਗਰੂਕਤਾ ਮੁਹਿੰਮ ਵੱਡੀ ਪੱਧਰ 'ਤੇ ਵਿੱਢਣ ਦੀ ਲੋੜ ਹੈ। ਉੱਥੇ ਕਾਨੂੰਨ ਵੀ ਸਖ਼ਤ ਹੋਣਾ ਚਾਹੀਦਾ ਹੈ।

ਵਾਤਾਵਰਨ ਪ੍ਰਰੇਮੀ ਮੁਨੀਸ਼ ਸਿੰਗਲਾ ਉਰਫ਼ ਮੋਨਾ ਅਣਜਾਣ ਨੇ ਕਿਹਾ ਕਿ ਵਾਤਾਵਰਨ ਦੂਸ਼ਿਤ ਹੋਣ ਕਾਰਨ ਸਾਡੇ ਦੇਸ਼ ਦੀ ਹਵਾ ਏਨੀ ਦੂਸ਼ਿਤ ਹੋ ਚੁੱਕੀ ਹੈ, ਕਿ ਅਸੀਂ ਬਿਮਾਰੀਆਂ ਨਾਲ ਜੂਝ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵਿਕਸਤ ਦੇਸ਼ਾਂ ਦੀ ਤਰਜ਼ 'ਤੇ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਤੰਦਰੁਸਤ ਜੀਵਨ ਜਿਉਂ ਸਕੀਏ ਤੇ ਬਿਮਾਰੀਆਂ ਦੀ ਜਕੜ ਤੋਂ ਬਚ ਸਕੀਏ।

ਸਮਾਜ ਸੇਵੀ ਲਵਲ ਕੁਮਾਰ ਗਰਗ ਨੇ ਕਿਹਾ ਕਿ ਤੇਜ਼ੀ ਨਾਲ ਦੂਸ਼ਿਤ ਹੋ ਰਿਹਾ ਵਾਤਾਵਰਨ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏਂ ਦੇ ਨਾਲ-ਨਾਲ ਪ੍ਰਦੂਸ਼ਣ ਫੈਲਾ ਰਹੀਆਂ ਫੈਕਟਰੀਆਂ 'ਤੇ ਵੀ ਸਰਕਾਰਾਂ ਨੂੰ ਸ਼ਿਕੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦੇ ਡੰਡੇ ਦੇ ਡਰ ਤੋਂ ਡਰਦਾ ਮਾਰਾ ਕੋਈ ਵੀ ਵਾਤਾਵਰਨ ਨੂੰ ਦੂਸ਼ਿਤ ਕਰਨ ਦੀ ਜੁਅਰਤ ਨਾ ਕਰ ਸਕੇ।