ਅਸ਼ਵਨੀ ਸੋਢੀ , ਮਾਲੇਰਕੋਟਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਮੱਦਨਜ਼ਰ ਸੂਬੇ 'ਚ ਲੱਗੇ ਕਰਿਫ਼ਊ ਦੌਰਾਨ ਬੰਦ ਪਏ ਨਿੱਜੀ ਹਸਪਤਾਲਾਂ ਨੂੰ ਖੋਲ੍ਹਣ ਲਈ ਜਾਰੀ ਹਦਾਇਤਾਂ ਦੇ ਬਾਵਜੂਦ ਮਾਲੇਰਕੋਟਲਾ ਸ਼ਹਿਰ ਅੰਦਰ ਕੁੱਝ ਨਿੱਜੀ ਹਸਪਤਾਲ ਅਜੇ ਵੀ ਬੰਦ ਪਏ ਹਨ। ਜਿਸ ਕਾਰਨ ਸਰਕਾਰੀ ਹਸਪਤਾਲ 'ਚ ਮਰੀਜ਼ ਦੀ ਭੀੜ ਲੱਗੀ ਰਹਿੰਦੀ ਹੈ। ਨਿੱਜੀ ਹਸਪਤਾਲਾਂ ਦੇ ਬੰਦ ਹੋਣ ਕਾਰਨ ਮਰੀਜ਼ ਡਾਕਟਰੀ ਸੇਵਾਵਾਂ ਲੈਣ ਲਈ ਸਰਕਾਰੀ ਹਸਪਤਾਲ ਨੂੰ ਰੁਖ ਕਰਦੇ ਹਨ। ਪਰ ਮਰੀਜ਼ਾਂ ਦੀ ਹਸਪਤਾਲ 'ਚ ਵਧ ਰਹੀ ਆਮਦ ਕਾਰਨ ਹਸਪਤਾਲ ਦੇ ਡਾਕਟਰ ਵੱਧ ਤੋਂ ਵੱਧ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਯਤਨ ਕਰ ਰਹੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਹਸਪਤਾਲ ਬੰਦ ਹੋਣ ਦਾ ਨੋਟਿਸ ਲੈਂਦਿਆਂ ਸਖ਼ਤ ਹਦਾਇਤ ਕੀਤੀ ਸੀ ਕਿ ਜੇਕਰ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਆਪਣੀ ਓਪੀਡੀ ਸ਼ੁਰੂ ਨਾਲ ਕੀਤੀ ਤਾਂ ਉਨ੍ਹਾਂ ਦੇ ਖ਼ਿਲਾਫ਼ ਸ਼ਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਇਸ ਦੇ ਬਾਵਜੂਦ ਕੁੱਝ ਕੁ ਨਿੱਜੀ ਹਸਪਤਾਲਾਂ ਨੂੰ ਜਿੰਦਰੇ ਲਟਕ ਰਹੇ ਹਨ। ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੂਬੀਨ ਫ਼ਾਰੂਕੀ ਨੇ ਕਿਹਾ ਕਿ ਨਿੱਜੀ ਹਸਪਤਾਲ ਬੰਦ ਹੋਣ ਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਹਸਪਤਾਲਾਂ ਦੇ ਲਾਇਸੰਸ ਕੈਂਸਲ ਕਰਨ ਦੀ ਚੇਤਾਵਨੀ ਦੇ ਬਾਵਜੂਦ ਹਸਪਤਾਲਾਂ ਨੂੰ ਜਿੰਦਰਾ ਲੱਗਿਆ ਹੋਇਆ ਹੈ। ਜੋ ਕਿ ਮੰਦਭਾਗਾ ਹੈ। ਉਨ੍ਹਾ ਕਿਹਾ ਕਿ ਬੰਦ ਪਏ ਨਿੱਜੀ ਹਸਪਤਾਲਾਂ ਦੇ ਡਾਕਟਰ ਆਮ ਦਿਨਾਂ 'ਚ ਮਨਭਾਉਂਦੀਆਂ ਫ਼ੀਸਾਂ ਲੈਂਦੇ ਹਨ ਉਥੇ ਹੀ ਆਪਣੇ ਹਸਪਤਾਲਾਂ ਦੇ ਅੰਦਰ ਹੀ ਖੋਲੇ ਮੈਡੀਕਲ ਸਟੋਰਾਂ ਤੋਂ ਦਵਾਈਆਂ ਦਿੰਦੇ ਹਨ ਪਰ ਅੱਜ ਜਦੋਂ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਦੀ ਆਮ ਲੋਕਾਂ ਨੂੰ ਜ਼ਰੂਰਤ ਸੀ ਤਾਂ ਉਹ ਆਪਣੇ ਹਸਪਤਾਲਾਂ ਨੂੰ ਜਿੰਦਰਾ ਲਾ ਕੇ ਘਰਾਂ ਵਿੱਚ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਬੰਦ ਪਏ ਨਿੱਜੀ ਹਸਪਤਾਲਾਂ ਦੀ ਸੂਚੀ ਬਣਾ ਕੇ ਸਰਕਾਰ ਨੂੰ ਭੇਜ ਕੇ ਕਾਰਵਾਈ ਦੀ ਮੰਗ ਕਰਾਂਗੇ।

ਕਪੂਰ ਹੋਮਿਓ ਹਸਪਤਾਲ ਦੇ ਡਾਕਟਰ ਸੌਰਭ ਕਪੂਰ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਕੋਲ ਸਰੁੱਖਿਆ ਕਵਚ ਨਹੀਂ ਹਨ। ਜਿਸ ਕਰਕੇ ਨਿੱਜੀ ਹਸਪਤਾਲ ਬੰਦ ਪਏ ਹਨ। ਉਨ੍ਹਾਂ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਇਸ ਮਹਾਂਮਾਰੀ ਦੌਰਾਨ ਆਪਣੇ ਨਿੱਜੀ ਹਸਪਤਾਲਾਂ ਨੂੰ ਖੋਲ੍ਹ ਕੇ ਸਰਕਾਰ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ। ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੇ ਕਿਹਾ ਕਿ ਉਹ ਇਸ ਸਬੰਧੀ ਰਿਪੋਰਟ ਲੈਣਗੇ।