ਜੇਐੱਨਐੱਨ, ਧੂਰੀ : ਧੂਰੀ-ਸੰਗਰੂਰ ਰੋਡ 'ਤੇ ਪਿੰਡ ਲੱਡਾ ਨੇੜੇ ਬਣੇ ਟੋਲ ਪਲਾਜ਼ਾ 'ਤੇ ਸੋਮਵਾਰ ਨੂੰ ਮਾਲੇਰਕੋਟਲਾ ਸਿਵਲ ਹਸਪਤਾਲ ਦੇ ਐੱਸਐੱਮਓ ਨੂੰ ਪੁਲਿਸ ਹਵਾਲੇ ਕੀਤਾ ਗਿਆ। ਉਸ 'ਤੇ ਦੋਸ਼ ਹੈ ਕਿ ਉਹ ਸਹਾਇਕ ਕਮਿਸ਼ਨਰ (ਸਿਖਲਾਈ) ਹੋਣ ਦੇ ਪੁਰਾਣੇ ਦਸਤਾਵੇਜ਼ਾਂ ਅਤੇ ਗੱਡੀ 'ਤੇ ਪੰਜਾਬ ਸਰਕਾਰ ਤੇ ਸਹਾਇਕ ਕਮਿਸ਼ਨਰ ਹੋਣ ਦੀ ਨੇਮ ਪਲੇਟ ਲਗਵਾ ਕੇ ਕਈ ਮਹੀਨਿਆਂ ਤੋਂ ਟੋਲ ਟੈਕਸ ਬਚਾਉਂਦਾ ਰਿਹਾ।

ਹਿਰਾਸਤ 'ਚ ਲੈਣ ਤੋਂ ਬਾਅਦ ਪੁਲਿਸ ਨੇ ਐੱਸਐੱਮਓ ਡਾ. ਕਰਮਜੀਤ ਸਿੰਘ ਤੋਂ ਪੰਜਾਬ ਸਰਕਾਰ ਦਾ ਸ਼ਨਾਖ਼ਤੀ ਕਾਰਡ ਤੇ 2018 'ਚ ਰੂਪਨਗਰ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਇਕ ਸ਼ਨਾਖਤੀ ਕਾਰਡ ਬਰਾਮਦ ਕੀਤਾ ਹੈ। ਪੁਲਿਸ ਲੀਗਲ ਰਾਏ ਲੈ ਰਹੀ ਹੈ, ਦੇਰ ਸ਼ਾਮ ਤਕ ਕੇਸ ਦਰਜ ਨਹੀਂ ਕੀਤਾ ਗਿਆ ਸੀ।

ਟੋਲ ਪਲਾਜ਼ਾ ਦੇ ਅਧਿਕਾਰੀ ਅਜੇ ਪ੍ਰਤਾਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਇਕ ਵਿਅਕਤੀ ਆਪਣੀ ਕਾਰ 'ਚ ਰੋਜ਼ਾਨਾ ਪੀਸੀਐੱਸ ਅਧਿਕਾਰੀ ਹੋਣ ਦਾ ਦਾਅਵਾ ਕਰਦਿਆਂ ਸਰਕਾਰੀ ਸ਼ਨਾਖ਼ਤੀ ਕਾਰਡ ਵਿਖਾ ਕੇ ਲੰਘਦਾ ਹੈ। ਕਾਰ 'ਤੇ ਵੱਡੇ ਅੱਖਰਾਂ 'ਚ ਪੰਜਾਬ ਸਰਕਾਰ ਤੇ ਨੰਬਰ ਪਲੇਟ 'ਤੇ ਸਾਬਕਾ ਸਹਾਇਕ ਕਮਿਸ਼ਨਰ ਲਿਖਿਆ ਹੈ। ਉਸ ਨੇ ਆਪਣੇ ਪੱਧਰ 'ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਡਾ. ਕਰਮਜੀਤ ਸਿੰਘ ਮਾਲੇਰਕੋਟਲਾ ਦੇ ਸਿਵਲ ਹਸਪਤਾਲ 'ਚ ਐੱਸਐੱਮਓ ਦੇ ਅਹੁਦੇ 'ਤੇ ਤੈਨਾਤ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਧੂਰੀ ਦੇ ਥਾਣਾ ਸਦਰ ਦੇ ਐੱਸਐੱਚਓ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਡਾਕਟਰ ਨੇ ਮੰਨਿਆ ਕਿ 2016 'ਚ ਪੀਸੀਐੱਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਰੋਪੜ 'ਚ ਅੰਡਰ ਟ੍ਰੇਨਿੰਗ ਸਹਾਇਕ ਕਮਿਸ਼ਨਰ ਦੇ ਅਹੁਦੇ 'ਤੇ ਕੰਮ ਕਰ ਚੁੱਕਾ ਹੈ। ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਕਾਰਵਾਈ ਹੋ ਸਕਦੀ ਹੈ।