ਰਾਜਪਾਲ ਸਿੰਗਲਾ, ਮੂਨਕ : ਸ਼ਹਿਰ ਦੇ ਵਿੱਚ ਰਾਤ ਤੋਂ ਬਿਜਲੀ ਠੱਪ ਹੋਣ ਦੇ ਕਾਰਨ ਲੋਕਾਂ ਨੇ ਮੂਨਕ ਜਾਖਲ ਰੋਡ ਨੂੰ ਜਾਮ ਕਰਕੇ ਸਬੰਧਿਤ ਐਕਸ਼ਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਜ ਸੇਵੀ ਆਗੂ ਅਨਿਲ ਕੁਮਾਰ ਨੇ ਕਿਹਾ ਕਿ ਪੈ ਰਹੀ ਕੜਾਕੇ ਦੀ ਗਰਮੀ 'ਚ ਰਾਤ ਤੋਂ ਸ਼ਹਿਰ ਦੀ ਬੰਦ ਪਈ ਬਿਜਲੀ ਕਾਰਨ ਲੋਕ ਪਰੇਸ਼ਾਨ ਸਨ। ਜਿਨ੍ਹਾਂ ਨੂੰ ਅੱਜ ਮਜਬੂਰੀਵੱਸ ਧਰਨਾ ਦੇਣਾ ਪਿਆ। ਜਦੋਂ ਬਿਜਲੀ ਚਾਲੂ ਕਰਾਉਣ ਲਈ ਲੋਕਾਂ ਨੇ ਸਬੰਧਿਤ ਐਕਸ਼ਨ ਲਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਇਸ ਦੇ ਨਾਲ ਧਰਨਾਕਾਰੀਆਂ ਨੇ ਕਿਹਾ ਕਿ ਜੋ ਟਰਾਂਸਫਾਰਮਰ ਲੱਗਿਆ ਹੋਇਆ ਹੈ। ਉਹ ਬਹੁਤ ਘੱਟ ਪਾਵਰ ਦਾ ਹੈ ਅਤੇ ਲਾਈਨ 'ਤੇ ਲੋਡ ਵੱਧ ਹੈ। ਜਿਸ ਕਾਰਨ ਟਰਾਂਸਫਾਰਮਰ ਸੜ ਜਾਂਦਾ ਹੈ। ਇਸ ਕਾਰਨ ਮਹਿਕਮੇ ਨੂੰ ਚਾਹੀਦਾ ਹੈ ਕਿ ਵੱਧ ਪਾਵਰ ਵਾਲਾ ਟਰਾਂਸਫਾਰਮਰ ਰੱਖੇ। ਇਨ੍ਹਾਂ ਧਰਨੇ ਨਾਲ ਹੋਏ ਰੋਡ ਜਾਮ ਨੂੰ ਲੈ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਲੱਗੇ ਧਰਨੇ ਨੂੰ ਖ਼ਤਮ ਕਰਨ ਲਈ ਮੌਕੇ 'ਤੇ ਬਿਜਲੀ ਬੋਰਡ ਦੇ ਐਕਸੀਅਨ ਪਹੁੰਚੇ, ਜਿਨ੍ਹਾਂ ਨੇ ਲੋਕਾਂ ਨੂੰ ਤੁਰੰਤ ਬਿਜਲੀ ਚਾਲੂ ਕਰ ਕੇ ਧਰਨੇ ਨੂੰ ਖ਼ਤਮ ਕਰਵਾ ਦਿੱਤਾ।

ਇਸ ਮੌਕੇ ਕੇਵਲ ਕਿ੍ਸ਼ਨ ਗਰਗ ਮੂਨਕ, ਗਿਆਨੀ ਨਿਰੰਜਣ ਸਿੰਘ ਭੁਟਾਲ, ਅਰੁਣ ਕੁਮਾਰ ਮੂਨਕ, ਨਿਰਮਲ ਸਿੰਘ ਕੜੈਲ ਅਤੇ ਸਮਸ਼ੇਰ ਸਿੰਘ ਭਾਠੂਆਂ ਨੇ ਵੀ ਸੰਬੋਧਨ ਕੀਤਾ।

ਇਸ ਸਬੰਧੀ ਐਕਸੀਅਨ ਲਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ 'ਚੋਂ ਲੰਘਣ ਵਾਲੀ 11 ਕੇਵੀ ਲਾਈਨ ਸੜ ਚੁੱਕੀ ਸੀ। ਜਿਸ ਨੂੰ ਠੀਕ ਹੋਣ 'ਚ ਹੋਈ ਦੇਰੀ ਕਾਰਨ ਇਹ ਲਾਈਨ ਨੂੰ ਠੀਕ ਹੋਣ 'ਚ ਸਮਾਂ ਲੱਗ ਗਿਆ ਹੈ। ਜਲਦ ਹੀ ਲਾਈਨ ਠੀਕ ਕਰਕੇ ਬਿਜਲੀ ਸਪਲਾਈ ਚਾਲੂ ਕੀਤੀ ਜਾਵੇਗੀ।