ਮੁਕੇਸ਼ ਸਿੰਗਲਾ, ਭਵਾਨੀਗੜ੍ਹ :

ਨੇੜਲੇ ਪਿੰਡ ਘਰਾਚੋਂ ਵਿਖੇ ਸਮੂਹ ਕਿਸਾਨ ਜਥੇਬੰਦੀਆਂ, ਸੰਘਰਸ਼ ਕਮੇਟੀ ਘਰਾਚੋਂ ਤੇ ਸਮੂਹ ਨਗਰ ਵੱਲੋਂ ਸਰਬ ਸੰਮਤੀ ਨਾਲ ਸਾਂਝਾ ਮਤਾ ਪਾ ਕੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਮੈਡੀਕਲ ਕਾਲਜ ਲਈ ਨਿੱਜੀ ਹੱਥਾਂ 'ਚ ਦੇਣ ਦਾ ਵਿਰੋਧ ਕੀਤਾ ਗਿਆ। ਜਥੇਬੰਦੀਆਂ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਫ਼ੈਸਲਾ ਲਿਆ ਕਿ ਪਿੰਡ ਦੀ ਜ਼ਮੀਨ ਵਿੱਚ ਕਿਸੇ ਨੂੰ ਵੀ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਤੋਂ ਜ਼ਮੀਨਾਂ ਹੜੱਪਣ ਦੇ ਨਵੇਂ-ਨਵੇਂ ਢੰਗ ਤਰੀਕੇ ਆਪਣਾ ਰਹੀ ਹੈ ਪਰ ਜਥੇਬੰਦੀਆਂ ਇਸ ਜ਼ਮੀਨ ਵਿੱਚ ਕਿਸੇ ਨੂੰ ਵੀ ਪੈਰ ਤੱਕ ਰੱਖਣ ਨਹੀਂ ਦੇਣਗੀਆਂ ਫਿਰ ਵੀ ਜੇਕਰ ਪ੍ਰਸ਼ਾਸਨ ਧੱਕਾ ਕਰੇਗਾ ਤਾਂ ਉਨ੍ਹਾਂ ਨੂੰ ਪਹਿਲਾਂ ਜਥੇਬੰਦੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।

ਇਸ ਮੌਕੇ ਜਗਦੇਵ ਸਿੰਘ ਆਗੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਰਨੈਲ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਸੁਖਦੇਵ ਸਿੰਘ, ਕਸ਼ਮੀਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜੰਟ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਬਹਾਦਰ ਸਿੰਘ ਤੋਂ ਇਲਾਵਾ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸ਼ਰਨ ਸਿੰਘ, ਮੱਘਰ ਸਿੰਘ, ਬਿਲਾ ਸਿੰਘ, ਗਾਮਾ ਸਿੰਘ, ਪਿਆਰੋ ਕੋਰ, ਮੂਰਤੀ ਕੋਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

----------

ਕਾਲਜ ਦਾ ਨਿੱਜੀਕਰਨ ਦੇ ਹੱਕ 'ਚ ਨਹੀਂ ਹਾਂ : ਸਰਪੰਚ

ਉਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਪੰਚਾਇਤ ਦੀ ਇਕਸੁਰਤਾ ਨਾ ਹੋਣ ਕਾਰਨ ਜ਼ਿਆਦਾਤਰ ਮੈਂਬਰ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਮੈਡੀਕਲ ਕਾਲਜ ਲਈ ਨਿੱਜੀ ਹੱਥਾਂ 'ਚ ਦੇਣ ਦੇ ਹੱਕ ਵਿੱਚ ਨਹੀਂ ਹਨ ਅਤੇ ਉਹ ਖੁਦ ਵੀ ਪਿੰਡ ਵਾਸੀਆਂ ਦੇ ਫ਼ੈਸਲੇ ਨਾਲ ਸਹਿਮਤ ਹਨ।