ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਨਜ਼ਦੀਕ ਸ਼ਨਿੱਚਰਵਾਰ ਸਵੇਰੇ 6 ਵਜੇ ਦੇ ਕਰੀਬ ਸਲੀਪਰ ਬੱਸ ਤੇ ਟਰਾਲੇ ਵਿਚਕਾਰ ਹੋਈ ਸਿੱਧੀ ਟੱਕਰ 'ਚ ਬੱਸ ਚਾਲਕ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ । ਇਸ ਹਾਦਸੇ 'ਚ ਟਰਾਲਾ ਚਾਲਕ ਸਮੇਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੀ ਬੱਸ ਜੈਪੁਰ ਤੋਂ ਲੁਧਿਆਣਾ ਜਾ ਰਹੀ ਸੀ। ਇਸ ਬੱਸ 'ਚ 35 ਦੇ ਕਰੀਬ ਸਵਾਰੀਆਂ ਸਵਾਰ ਸਨ। ਜਦੋਂ ਇਹ ਬੱਸ ਮਹਿਲ ਕਲਾਂ ਟੋਲ ਟੈਕਸ ਲੰਘ ਕੇ ਪਿੰਡ ਨਿਹਾਲੂਵਾਲ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ 'ਚ ਬੱਸ ਚਾਲਕ ਗੋਕਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਸਨੋਰੜਾ ਸੀਕਰ (ਰਾਜਸਥਾਨ) ਦੀ ਮੌਤ ਹੋ ਗਈ ਤੇ ਟਰਾਲਾ ਚਾਲਕ ਸਮੇਤ 5 ਸਵਾਰੀਆਂ ਜ਼ਖਮੀ ਹੋ ਗਈਆਂ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਬ ਇੰਸਪੈਕਟਰ ਮਹਿਲ ਕਲਾਂ ਸੱਤਪਾਲ ਸਿੰਘ ਤੇ ਏਐੱਸਆਈ ਕਿਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ। ਆਸ ਪਾਸ ਦੇ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਲਿਜਾਇਆ ਗਿਆ। ਤਫ਼ਤੀਸੀ ਅਫ਼ਸਰ ਏਐਸਆਈ ਕਿਰਨਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਹੀ ਮਹਿਲ ਕਲਾਂ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

- ਵਾਹਨਾਂ 'ਚ ਫਸੇ ਲੋਕਾਂ ਨੂੰ ਨਿੱਜੀ ਕਰੇਨ ਰਾਹੀ ਕੱਿਢਆਂ

ਦੱਸਣਯੋਗ ਹੈ ਇਸ ਹਾਦਸੇ ਵਾਲੀ ਥਾਂ ਦੇ ਨਜ਼ਦੀਕ ਟੋਲ ਟੈਕਸ ਪੈਂਦਾ ਹੈ, ਪਰ ਟੋਲ ਟੈਕਸ ਵਾਲਿਆਂ ਕੋਲ ਨਿਯਮਾਂ ਮੁਤਾਬਕ ਤਾਂ ਕੋਈ ਹਾਈਡਰਾ ਤੇ ਨਾ ਕੋਈ ਜੇਸੀਬੀ ਦਾ ਪ੍ਰਬੰਧ ਹੈ। ਇਸ ਹਾਦਸੇ 'ਚ ਬੱਸ ਚਾਲਕ ਬੁਰੇ ਤਰੀਕੇ ਨਾਲ ਬੱਸ 'ਚ ਫਸ ਗਿਆ। ਲੋਕਾਂ ਨੇ ਉਸ ਨੂੰ ਡੇਢ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਜੇਸੀਬੀ ਦੀ ਮਦਦ ਨਾਲ ਬਾਹਰ ਕੱਿਢਆ। ਇਸ ਹਾਦਸੇ ਕਾਰਨ ਬਰਨਾਲਾ ਲੁਧਿਆਣਾ ਮੁੱਖ ਮਾਰਗ ਉਪਰ ਲੰਮਾ ਜਾਮ ਲੱਗ ਗਿਆ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਨੇੜਲੇ ਪਿੰਡ ਤੋਂ ਨਿੱਜੀ ਜੇਸੀਬੀ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਪਾਸੇ ਕਰਕੇ ਆਵਾਜਾਈ ਨੂੰ ਚਾਲੂ ਕਰਵਾਇਆ। ਰੋਸ 'ਚ ਆਏ ਲੋਕਾਂ ਦਾ ਕਹਿਣਾ ਸੀ ਕਿ ਹਾਦਸਾਗ੍ਸਤ ਹੋਏ ਵਾਹਨਾਂ ਨੂੰ ਪਾਸੇ ਕਰਨ ਦੀ ਜ਼ਿੰਮੇਵਾਰੀ ਟੋਲ ਟੈਕਸ ਵਾਲਿਆਂ ਦੀ ਬਣਦੀ ਹੈ।