ਬੂਟਾ ਸਿੰਘ ਚੌਹਾਨ, ਸੰਗਰੂਰ : ਸੰਗਰੂਰ ਸ਼ਹਿਰ ਦੇ ਵਿਕਾਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਵਿਕਾਸ ਕਾਰਜ ਕਰਵਾਉਣ ਦੇ ਨਾਲ-ਨਾਲ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਵੀ ਖ਼ਾਸ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸਕੂਲ ਸਿੱਖਿਆ ਮੰਤਰੀ ਸਿੰਗਲਾ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੰਗਰੂਰ ਸ਼ਹਿਰ ਨੂੰ ਪਲਾਸਟਿਕ ਰਹਿਤ ਬਣਾਉਣ ਲਈ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ।

ਸ੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ਨੂੰ ਸਾਫ-ਸੁਥਰਾ ਅਤੇ ਵਿਕਸਿਤ ਸ਼ਹਿਰ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂਆਂ ਸੜਕਾਂ ਬਣਾਉਣ ਤੋਂ ਲੈ ਕੇ ਪਾਰਕਾਂ ਦੇ ਵਿਕਾਸ ਤੱਕ ਹਰ ਤਰ੍ਹਾਂ ਦੇ ਕੰਮ ਕਰਵਾਏ ਜਾ ਰਹੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਚੰਗੇਰਾ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਵਾਤਾਵਰਨ ਲਈ ਵੱਡਾ ਖ਼ਤਰਾ ਬਣ ਰਹੀ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਹੁਣ ਇਸਦਾ ਇਸਤੇਮਾਲ ਸੜਕਾਂ ਬਣਾਉਣ ਮੌਕੇ ਵੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੋਕ ਨਿਰਮਾਣ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਮੰਡੀ ਬੋਰਡ ਵੱਲੋਂ ਬਣਾਈਆਂ ਜਾਣ ਵਾਲੀਆਂ ਘੱਟੋ-ਘੱਟ 20 ਫੀਸਦ ਸੜਕਾਂ ਦੇ ਨਿਰਮਾਣ 'ਚ ਪਲਾਸਟਿਕ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਗਈ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਮੈਂਬਰ ਸਕੱਤਰ ਕਰੁਨੇਸ਼ ਗਰਗ, ਮੁੱਖ ਵਾਤਾਵਰਨ ਇੰਜੀਨੀਅਰ ਪਰਦੀਪ ਗੁਪਤਾ, ਸੀਨੀਅਰ ਵਾਤਾਵਰਨ ਇੰਜੀਨੀਅਰ ਰਾਜੀਵ ਸ਼ਰਮਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰਜਿੰਦਰ ਸਿੰਘ ਰਾਜਾ ਬੀਰਕਲਾਂ, ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਜਸ਼ਨਪ੍ਰਰੀਤ ਕੌਰ ਗਿੱਲ, ਐਸ.ਡੀ. ਐਮ ਬਬਨਦੀਪ ਸਿੰਘ ਵਾਲੀਆ, ਵਾਤਾਵਰਨ ਇੰਜੀਨੀਅਰ ਰਾਜੀਵ ਗੁਪਤਾ, ਵਾਈਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਲੀਗਲ ਸੈੱਲ ਪੰਜਾਬ ਦੇ ਚੇਅਰਮੈਨ ਗੁਰਤੇਜ ਸਿੰਘ ਗਰੇਵਾਲ, ਚੇਅਰਮੈਨ ਮਾਰਕੀਟ ਕਮੇਟੀ ਅਨਿਲ ਕੁਮਾਰ ਘੀਚਾ, ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਕੁਮਾਰ ਗਾਬਾ, ਐਸ.ਡੀ.ਓ. ਅਸ਼ਪ੍ਰਰੀਤ ਸਿੰਘ, ਜੇ.ਈ. ਸਿਮਰਪ੍ਰਰੀਤ ਸਿੰਘ, ਬਲਬੀਰ ਕੌਰ ਸੈਣੀ, ਪਰਮਿੰਦਰ ਸ਼ਰਮਾ, ਜਸਪਾਲ ਸਿੰਘ ਪਾਲੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

------