ਅਸ਼ਵਨੀ ਸੋਢੀ, ਮਾਲੇਰਕੋਟਲਾ: ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਰਹੰਦੀ ਦਰਵਾਜ਼ੇ ਵਿਖੇ ਲੱਗੇ 'ਨਾਗਰਿਕਤਾ ਸੋਧ ਕਾਨੂੰਨ', ਐੱਨਸੀਆਰ ਤੇ ਐੱਨਪੀਆਰ ਖ਼ਿਲਾਫ਼ ਅਣਮਿੱਥੇ ਸਮੇਂ ਦੇ ਧਰਨੇ 'ਚ ਹਮਾਇਤ ਦਿੰਦਿਆਂ ਕਿਹਾ ਕਿ ਭਾਰਤ 'ਚ ਹੁਣ ਮੁਕੰਮਲ ਤੌਰ 'ਤੇ ਬ੍ਰਾਹਮਣਵਾਦ ਭਾਰੂ ਹੋ ਚੁੱਕਿਆ ਹੈ, ਜਿਸ ਦੀ ਸੋਚ ਸਿਰਫ਼ ਹਿੰਦੂਤਵ ਦੇ ਅਖੌਤੀ ਏਜੰਡੇ ਤੋਂ ਅੱਗੇ ਨਹੀਂ ਜਾ ਸਕਦੀ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਤੋਂ ਪੁੱਛਿਆ ਕਿ ਤੁਸੀਂ ਲੋਕ ਸਿਰਫ਼ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਰਹੇ ਹੋ, ਜਿਨ੍ਹਾਂ ਗੁਲਾਮ ਦੇਸ਼ 'ਚ ਮੁਸਲਮਾਨਾਂ ਤੇ ਸਿੱਖਾਂ 'ਤੇ ਅੰਨ੍ਹੇਵਾਹ ਜ਼ੁਲਮ ਕਰਵਾਏ ਤੇ ਕੀਤੇ। ਕੀ ਮੋਦੀ-ਸ਼ਾਹ ਦੀ ਜੋੜੀ ਦੱਸ ਸਕਦੀ ਹੈ ਕਿ ਭਾਰਤ ਦੀ ਆਜ਼ਾਦੀ ਲੈਣ 'ਚ ਤੁਹਾਡੀ ਬ੍ਰਾਹਮਣਵਾਦੀ ਸੋਚ ਅਤੇ ਆਰਐੱਸਐੱਸ ਦੀਆਂ ਕੀ ਕੁਰਬਾਨੀਆਂ ਸਨ।

ਉਨ੍ਹਾਂ ਮੋਦੀ-ਸ਼ਾਹ ਐਂਡ ਪਾਰਟੀ ਨੂੰ ਦੇਸ਼ ਦੇ ਗੱਦਾਰ ਐਲਾਨਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਹਾਨੂੰ ਵਧੇਰੇ ਸਮੇਂ ਤੱਕ ਦੇਸ਼ ਦੀ ਵਾਂਗਡੋਰ ਸੰਭਾਲਣਾ ਹੁਣ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਉਨ੍ਹਾਂ ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕਰਦਿਆਂ ਕਿਹਾ ਕਿ ਸਾਡੀ ਪਾਰਟੀ 'ਨਾਗਰਿਕਤਾ ਸੋਧ ਕਾਨੂੰਨੀ', ਐੱਨਸੀਆਰ ਅਤੇ ਐੱਨਪੀਆਰ ਜਿਹੇ ਘਾਤਕ ਕਾਨੂੰਨਾਂ ਦੇ ਖ਼ਿਲਾਫ਼ ਹੈ ਜਿਸ ਦਾ ਉਹ ਡੱਟ ਕੇ ਵਿਰੋਧ ਕਰਦੇ ਹੋਏ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨ ਵਰਗ ਦਾ ਹਰ ਪੱਖੋਂ ਸਹਿਯੋਗ ਕਰਨਗੇ। ਇਸ ਮੌਕੇ ਮਾਸਟਰ ਕਰਨੈਲ ਸਿੰਘ ਨਾਰੀਕੇ, ਬਲਜਿੰਦਰਪਾਲ ਸਿੰਘ ਸੰਗਾਲੀ, ਯੂਥ ਆਗੂ ਮੁਹੰਮਦ ਫਾਰੂਕ ਅਤੇ ਮੁਹੰਮਦ ਰੱਜਾਕ ਵੀ ਹਜ਼ਾਰ ਸਨ।