ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਜਿੱਥੇ ਧਰਮ ਦੇ ਅਖੌਤੀ ਠੇਕੇਦਾਰ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾ ਰਹੇ ਹਨ, ਦੂਜੇ ਪਾਸੇ ਪਿੰਡਾਂ ਦੇ ਲੋਕ ਹਰ ਪ੍ਰਾਪੇਗੰਡਾ ਨੂੰ ਪਾਸੇ ਰੱਖ ਕੇ ਜਨਤਕ ਸਾਂਝ ਬਰਕਰਾਰ ਰੱਖਦੇ ਹਨ। ਕਾਬਿਲੇ ਜ਼ਿਕਰ ਹੈ ਕਿ ਪਿੰਡ ਰਾਮਪੁਰ ਗੁੱਜਰਾਂ ਹੈ, ਜਿੱਥੇ ਕੁਝ ਘਰ ਮੁਸਲਮਾਨਾਂ ਦੇ ਹਨ ਉਨ੍ਹਾਂ ਨੂੰ ਆਪਣੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਲਈ ਕਰੀਬ 4 ਕਿਲੋਮੀਟਰ ਦੂਰ ਦਿੜ੍ਹਬਾ ਵਿਖੇ ਆਉਣਾ ਪੈਂਦਾ ਹੈ।

ਇਸ ਮਾਮਲੇ ਨੂੰ ਪਿੰਡ ਵਿਚ ਬੈਠ ਕੇ ਵਿਚਾਰਨ ਤੋਂ ਬਾਅਦ ਹਰਮੇਸ਼ ਸਿੰਘ ਤੇ ਬਲਵੀਰ ਸਿੰਘ ਨੇ ਆਪਣੀ ਜ਼ਮੀਨ, ਮਸਜਿਦ ਬਣਾਉਣ ਲਈ ਦੇਣ ਦਾ ਫ਼ੈਸਲਾ ਕੀਤਾ। ਹੁਣ ਉਸ ਜਗ੍ਹਾ 'ਤੇ ਮਸਜਿਦ ਬਣਾਉਣ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ।

ਇਸ ਸਬੰਧ ਵਿਚ ਹਨੀਫ਼ ਖ਼ਾਨ ਨੇ ਦੱਸਿਆ ਕਿ ਇਲਾਕੇ ਦਾ ਸਾਰਾ ਮੁਸਲਮਾਨ ਭਾਈਚਾਰਾ ਹਰਮੇਸ਼ ਸਿੰਘ ਤੇ ਬਲਵੀਰ ਸਿੰਘ ਦਾ ਸ਼ੁਕਰੀਆ ਅਦਾ ਕਰ ਰਿਹਾ ਹੈ ਜਿਨ੍ਹਾਂ ਨੇ ਅੱਲ੍ਹਾ ਦਾ ਘਰ ਬਣਾਉਣ ਲਈ ਜਗ੍ਹਾ ਦਿੱਤੀ ਹੈ। ਇਸ ਬਾਰੇ ਦਾਨੀ ਸੱਜਣਾਂ ਹਰਮੇਸ਼ ਸਿੰਘ ਤੇ ਬਲਵੀਰ ਸਿੰਘ ਨੇ ਕਿਹਾ, ''ਉਨ੍ਹਾਂ ਨੇ ਮਸਜਿਦ ਖ਼ਾਤਰ ਜਗ੍ਹਾ ਦੇ ਕੇ ਕਿਸੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ ਹੈ। ਇਹ ਧਾਰਮਿਕ ਅਦਾਰੇ ਲਈ ਸਭ ਦੇ ਸਾਂਝੇ ਹੁੰਦੇ ਹਨ ਤੇ ਹਰੇਕ ਧਰਮ ਇਨਸਾਨੀਅਤ ਨੂੰ ਜੋੜਣ ਦਾ ਕੰਮ ਕਰਦਾ ਹੈ। ਇਸ ਕਰ ਕੇ ਆਪਣੀ ਜ਼ਮੀਨ ਮਸਜਿਦ ਲਈ ਦਿੱਤੀ ਹੈ''। ਇਲਾਕੇ ਵਿਚ ਇਸ ਨੇਕ ਕਾਰਜ ਦੀ ਪ੍ਰਸ਼ੰਸਾ ਹੋ ਰਹੀ ਹੈ।