ਅਰਵਿੰਦ ਰੰਗੀ, ਤਪਾ ਮੰਡੀ : ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਹੀ ਸੂਬੇ ਅੰਦਰ ਸਿੱਖ ਇਤਿਹਾਸ ਨਾਲ ਸਬੰਧਤ ਵੱਖ-ਵੱਖ ਯਾਦਗਾਰਾਂ ਦਾ ਨਿਰਮਾਣ ਕਰਵਾਇਆ ਗਿਆ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੁੱਖ ਸਲਾਹਕਾਰ ਕਮੇਟੀ ਦੀ ਮੈਂਬਰ ਬੀਬੀ ਰਜਿੰਦਰ ਕੌਰ ਮੀਮਸਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਪੰਜਾਬ 'ਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਤੇ ਵਿਰਾਸਤ ਨਾਲ ਜੋੜਨ ਲਈ ਪੰਜਾਬ 'ਚ ਕਈ ਇਤਿਹਾਸਕ ਤੇ ਵਿਰਾਸਤੀ ਯਾਦਗਾਰਾਂ ਬਣਾਈਆਂ ਗਈਆਂ ਸਨ। ਜਿਵੇਂ ਕਿ ਵਿਰਾਸਤ ਏ ਖਾਲਸਾ ਆਨੰਦਪੁਰ ਸਾਹਿਬ , ਸ੍ਰੀ ਗੁਰੂ ਰਵੀਦਾਸ ਯਾਦਗਾਰ ਖੁਰਾਲਗੜ੍ਹ ,ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਭਗਵਾਨ ਵਾਲਮੀਕੀ ਮੰਦਿਰ ਸ੍ਰੀ ਅੰਮਿ੍ਤਸਰ ਸਾਹਿਬ,ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਸ੍ਰੀ ਫਤਹਿਗੜ੍ਹ ਸਾਹਿਬ ,ਬਾਬਾ ਬੰਦਾ ਬਹਾਦਰ ਯਾਦਗਾਰ ਚੱਪੜਚਿੜੀ ,ਜੰਗੇ ਆਜਾਦੀ ਕਰਤਾਰਪੁਰ ਸਾਹਿਬ ਆਦਿ ਯਾਦਗਾਰਾਂ ਨੂੰ ਬਣਾਇਆ ਗਿਆ ਤਾਂ ਜੋ ਕਿ ਪੰਜਾਬ ਦੇ ਨੌਜਵਾਨ ਇਨ੍ਹਾਂ ਯਾਦਗਾਰਾਂ ਨੂੰ ਦੇਖ ਕੇ ਆਪਣੀ ਜਿੰਦਗੀ ਨੂੰ ਸਿੱਧੀ ਸੇਧ ਦੇ ਸਕਣ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਜੋ ਕੇ 2002 ਤੋਂ 2007 ਤੱਕ ਤੇ 2017 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵਲੋਂ ਕੋਈ ਵੀ ਪੰਜਾਬ 'ਚ ਯਾਦਗਾਰ ਨਹੀਂ ਬਣਾਈ ਗਈ ਤੇ ਨਾ ਹੀ ਕਾਂਗਰਸ ਦੀ ਬੀ ਟੀਮ ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਖੇ ਕੋਈ ਯਾਦਗਾਰ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਗੱਲਾਂ ਤੇ ਚੁਟਕਲਿਆਂ ਨਾਲ ਸੂਬੇ ਨਹੀਂ ਚੱਲਦੇ ਸਗੋਂ ਪਰਕਾਸ਼ ਸਿੰਘ ਬਾਦਲ ਵਾਂਗ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਵਲੋਂ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕੀਤਾ ਜਾਵੇਗਾ।